AAP ਵਿਧਾਇਕ ਦੀ ਕਾਰ ਹਾਦਸਾਗ੍ਰਸਤ, ਵਿਧਾਇਕ ਤੇ ਨਿੱਜੀ ਸਕੱਤਰ ਦੋਵੇਂ ਜ਼ਖਮੀ

by jagjeetkaur

ਦਸੂਹਾ, 17 ਫ਼ਰਵਰੀ 2024 : ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਅੱਜ ਸਵੇਰੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਅੱਜ ਸ਼ਨੀਵਾਰ ਸਵੇਰੇ ਕਰੀਬ 11 ਵਜੇ ਜਦੋਂ ਆਪ ਵਿਧਾਇਕ ਤਲਵਾੜਾ ਵੱਲ ਜਾ ਰਹੇ ਸੀ ਤਾਂ ਇਸ ਦੌਰਾਨ ਵਿਧਾਇਕ ਦੀ ਇਨੋਵਾ ਕਾਰ ਅਤੇ ਆਈ-20 ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਅਤੇ ਟੱਕਰ ਤੋਂ ਬਾਅਦ ਉਨ੍ਹਾਂ ਦੀ ਕਾਰ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਵਿਧਾਇਕ ਕਰਮਵੀਰ ਸਿੰਘ ਘੁੰਮਣ (Karmbir Singh Ghuman) ਸ਼ਨੀਵਾਰ ਨੂੰ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਤਲਵਾੜਾ ਜਾ ਰਹੇ ਸਨ। ਉਸ ਦੇ ਨਾਲ ਕਾਰ ਵਿੱਚ ਪੀਏ ਸਮੇਤ 5 ਜਣੇ ਮੌਜੂਦ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਪਿੰਡ ਚੋਹਾਲਾ ਨੇੜੇ ਪੁੱਜੀ ਤਾਂ ਇਸ ਦੌਰਾਨ ਹਾਦਸਾਗ੍ਰਸਤ ਹੋ ਗਈ | ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਕਾਰ ਵਿਚ ਸਵਾਰ ਵਿਅਕਤੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਇਹ ਕਾਰ ਵਿਧਾਇਕ ਘੁੰਮਣ ਦੀ ਹੈ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਵਿਧਾਇਕ ਤੇ ਨਿੱਜੀ ਸਕੱਤਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਲਾਜ ਤੋਂ ਬਾਅਦ ਡਾਕਟਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਛੁੱਟੀ ਦੇ ਦਿੱਤੀ।