
ਪੱਤਰ ਪ੍ਰੇਰਕ : ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ ਤੀਜਾ ਦਿਨ ਹੈ। ਅੰਬਾਲਾ ਦੇ ਸ਼ੰਭੂ ਬਾਰਡਰ ਅਤੇ ਜੀਂਦ ਦੇ ਦਾਤਾ ਸਿੰਘ ਬਾਰਡਰ 'ਤੇ ਕਿਸਾਨ ਖੜ੍ਹੇ ਹਨ, ਜਿਸ ਕਾਰਨ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਤੋਪਾਂ ਦੇ ਨਾਲ-ਨਾਲ ਹੰਝੂ ਗੈਸ ਦੇ ਗੋਲੇ ਛੱਡੇ, ਇਥੋਂ ਤੱਕ ਕਿ ਰੱਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਤੇ ਡਰੋਨ ਰਾਹੀ ਹੰਝੂ ਗੈਸ ਦੇ ਬੰਬ ਸੁੱਟੇ ਗਏ। ਇਸ ਦੌਰਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਅੱਜ ਚੰਡੀਗੜ੍ਹ ਵਿੱਚ ਤੀਜੇ ਦੌਰ ਦੀ ਗੱਲਬਾਤ ਸ਼ੁਰੂ ਕੀਤੀ ਹੈ।
ਇਸ ਮੀਟਿੰਗ 'ਚ ਕਿਸਾਨ ਆਗੂਆਂ ਨਾਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਸੈਕਟਰ 26 ਚੰਡੀਗੜ੍ਹ ਵਿਖੇ ਗੱਲਬਾਤ ਕੀਤੀ ਜਾ ਰਹੀ ਹੈ। ਸਰਕਾਰ ਦੀ ਤਰਫੋਂ ਕੇਂਦਰੀ ਮੰਤਰੀ ਪਿਊਸ਼ ਗੋਇਲ, ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਗੱਲਬਾਤ ਲਈ ਪਹੁੰਚੇ ਹਨ। ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਹੋਰ ਕਿਸਾਨ ਆਗੂ ਗੱਲਬਾਤ ਲਈ ਪਹੁੰਚੇ ਹੋਏ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਵੀ ਬੈਠਕ 'ਚ ਸ਼ਾਮਲ ਹਨ।
ਗੌਰਤਲਬ ਹੈ ਕਿ ਕਿਸਾਨਾਂ ਦਾ ਸੰਘਰਸ਼ ਸਰਕਾਰ ਦੀ ਗਲੇ ਦੀ ਹੱਡੀ ਬਣਨਾ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦੇ ਸਰਕਾਰ ਜਲਦ ਤੋਂ ਜਲਦ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਅਗਾਮੀ ਲੋਕ ਸਭਾ ਚੋਣਾਂ 'ਚ ਇਸ ਦਾ ਭਾਰੀ ਨੁਕਸਾਨ ਭਾਜਪਾ ਨੂੰ ਹੋ ਸਕਦਾ ਹੈ। ਗੱਲਬਾਤ ਦੇ ਦੋ ਦੌਰ ਵਿੱਚ ਸ਼ਾਮਿਲ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਗੱਲਬਾਤ ਤਾਂ ਹੀ ਲਾਹੇਵੰਦ ਹੋਵੇਗੀ ਜੇਕਰ ਕੇਂਦਰ ਸਰਕਾਰ ਉਸਾਰੂ ਸੋਚ ਨਾਲ ਅੱਗੇ ਆਵੇ। ਇਸ ਦੌਰਾਨ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਵਿਖੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਜੇਕਰ ਪਿਛਲੇ ਦੋ ਦੌਰ ਦੀ ਮੀਟਿੰਗਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਕਈ ਮੰਗਾਂ 'ਤੇ ਸਹਿਮਤੀ ਬਣ ਗਈ ਸੀ, ਪਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਤੇ ਕਰਜ਼ਾ ਮੁਆਫੀ 'ਤੇ ਪੇਚ ਫੱਸ ਗਿਆ ਸੀ। ਅਜਿਹੇ 'ਚ ਦੇਖਣਾ ਹੋਵੇਗਾ ਕਿ ਇਸ ਵਾਰ ਗੱਲਬਾਤ ਤੋਂ ਕੋਈ ਹੱਲ ਨਿਕਲਦਾ ਹੈ ਜਾਂ ਨਹੀਂ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਗੱਲਬਾਤ ਦਾ ਕੋਈ ਸਾਕਾਰਾਤਮਕ ਸਿੱਟਾ ਨਿਕਲੇਗਾ ਅਤੇ ਕਿਸਾਨਾਂ ਨੂੰ ਦਿੱਲੀ ਕੂਚ ਦੀ ਨੋਬਤ ਨਾ ਆਵੇ।