ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਦੂਜਾ ਦਿਨ ਹੈ। ਪੰਜਾਬ ਦੇ ਕੈਬਿਨੇਟ ਮੰਤਰੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਹੈ। ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫੀ ਦੀ ਮੰਗ ਬਿਲਕੁਲ ਜਾਇਜ਼ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰ ਕਿਹਾ ਕਿ ” ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਹੈ। ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫੀ ਦੀ ਮੰਗ ਬਿਲਕੁਲ ਜਾਇਜ਼ ਹੈ।
ਪਹਿਲਾਂ ਤਾਂ ਮਾਨ ਸਾਹਿਬ ਨੇ ਦਿੱਲੀ ਵਿਖੇ ਮੀਟਿੰਗ ਕਰਕੇ ਕੇਂਦਰ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ,ਜਿਸਦੇ ਨਤੀਜੇ ਵਜੋਂ ਕੇਂਦਰੀ ਮੰਤਰੀਆ ਦੀ ਟੀਮ ਨੇ ਚੰਡੀਗ੍ਹੜ ਆ ਕੇ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ, ਫਿਰ ਮੇਰੀ ਡਿਊਟੀ ਲਗਾ ਕੇ ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀਆਂ ਨੂੰ ਕਿਸਾਨਾਂ ਪ੍ਰਤੀ ਸੰਵੇਦਸ਼ੀਲਤਾ ਦਿਖਾਉਣ ਦੀ ਗੱਲ ਕੀਤੀ, ਪਰ ਨਾ ਤਾਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ , ਨਾ ਹੀ ਉਨ੍ਹਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆ। ਇਸ ਦੀ ਬਜਾਏ ਦੇਸ਼ ਦੇ ਅੰਨ ਦਾਤਾ ਨੂੰ ਭਾਜਪਾ ਵੱਲੋ ਸੜਕਾਂ ਬਲਾਕ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜੋ ਹਰਿਆਣਾ ਸਰਹੱਦ ‘ਤੇ ਭਾਜਪਾ ਸਰਕਾਰ ਵੱਲੋ ਪੰਜਾਬ ਦੇ ਕਿਸਾਨਾਂ ਨਾਲ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ ਅਸੀਂ ਨਿੰਦਾ ਕਰਦੇ ਹਾਂ।”
ਓਧਰ, ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਸਰਹੱਦ ਨਹੀਂ ਹੈ, ਜਿਹੜਾ ਕਿ ਸਰਕਾਰ ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾ ਰਹੀ ਹੈ, ਉਹ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਨ। ਇਸ ਮਾਮਲੇ ‘ਤੇ ਮੀਟਿੰਗ ਬੁਲਾਈ ਗਈ ਹੈ।
ਦੱਸ ਦਈਏ ਕਿ ਐਸਕੇਐਮ (ਗੈਰ-ਸਿਆਸੀ) ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ ਅਤੇ ਸਾਡੇ ਮੁੱਦਿਆਂ ਦਾ ਹੱਲ ਕੱਢਣ ਲਈ ਤਿਆਰ ਹਨ। ਅਸੀਂ ਉਨ੍ਹਾਂ ਲਈ ਇਹ ਕਹਿਣ ਦੀ ਕੋਈ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੇ ਕਿ ਅਸੀਂ ਉਨ੍ਹਾਂ ਦੀ ਕੋਈ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਅਸੀਂ ਆਪਣੇ ਸਾਥੀਆਂ ਤੋਂ ਇਜਾਜ਼ਤ ਲੈ ਲਈ ਹੈ ਅਤੇ ਹੁਣ ਅਸੀਂ ਸਰਕਾਰ ਨਾਲ ਗੱਲਬਾਤ ਕਰਾਂਗੇ। ਸਾਡੀ ਤਰਜੀਹ ਇਹ ਹੈ ਕਿ ਗੱਲਬਾਤ ਚੰਡੀਗੜ੍ਹ ਜਾਂ ਧਰਨੇ ਵਾਲੀ ਥਾਂ ਦੇ ਨੇੜੇ ਕਿਤੇ ਹੋਵੇ।