ਪੰਜਾਬ ‘ਚ ਤੜਕੇ ਵੱਡੀ ਘਟਨਾ, ਸਰਪੰਚ ‘ਤੇ ਸ਼ਰੇਆਮ ਚੱਲੀਆਂ ਗੋਲੀਆਂ

by jaskamal

ਪੱਤਰ ਪ੍ਰੇਰਕ : ਤਰਨਤਾਰਨ ਹਲਕੇ ਦੇ ਉੱਘੇ ਸਿਆਸੀ ਆਗੂ ਅਤੇ ਅੱਡਾ ਝਬਾਲ ਦੇ ਮੌਜੂਦਾ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ 'ਤੇ ਅੱਜ ਸਵੇਰੇ ਅੱਡਾ ਝਬਾਲ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਵਿੱਚ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਸਰਪੰਚ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਤਰਸੇਮ ਮਸੀਹ ਨੇ ਦੱਸਿਆ ਕਿ ਅਵਨ ਕੁਮਾਰ ਸੋਨੂੰ ਚੀਮਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਅੱਡਾ ਝਬਾਲ ਦੇ ਮੌਜੂਦਾ ਸਰਪੰਚ 'ਤੇ ਗੋਲੀਬਾਰੀ ਕਰਨ ਸਬੰਧੀ ਇੱਕ ਸੀ.ਸੀ.ਟੀ.ਵੀ. ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਜਦੋਂ ਅਵਨ ਕੁਮਾਰ ਸੋਨੂੰ ਚੀਮਾ ਅੱਜ ਸਵੇਰੇ ਕਰੀਬ 9 ਵਜੇ ਭੀਖੀ ਵਿੰਡ ਰੋਡ 'ਤੇ ਹੇਅਰ ਕਟਿੰਗ ਦੀ ਦੁਕਾਨ 'ਤੇ ਮੌਜੂਦ ਸੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਆਏ, ਇਨ੍ਹਾਂ ਵਿੱਚੋਂ ਇੱਕ ਨੇ ਮੋਟਰਸਾਈਕਲ ਨੂੰ ਬਾਹਰੋਂ ਸਟਾਰਟ ਕੀਤਾ ਜਦਕਿ ਦੂਜੇ ਨੇ ਅੰਦਰ ਜਾ ਕੇ ਸਰਪੰਚ ਅਵਨ ਕੁਮਾਰ ਚੀਮਾ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੋਨੂੰ ਚੀਮਾ ਦੀ ਵਿਦੇਸ਼ ਵਿਚ ਰਹਿੰਦੇ ਅੰਮ੍ਰਿਤਪਾਲ ਨਾਂ ਦੇ ਵਿਅਕਤੀ ਨਾਲ ਦੁਸ਼ਮਣੀ ਸੀ, ਜੋ ਉਸ ਨੂੰ ਸੋਸ਼ਲ ਮੀਡੀਆ 'ਤੇ ਕਈ ਵਾਰ ਧਮਕੀਆਂ ਦੇ ਚੁੱਕਾ ਹੈ ਅਤੇ ਉਸ ਖਿਲਾਫ ਦਰਜਨਾਂ ਪਰਚੇ ਦਰਜ ਹਨ।