ਪੱਤਰ ਪ੍ਰੇਰਕ : ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਗੁਰਦੁਆਰੇ ਦੇ ਮੁਲਾਜ਼ਮ ਜਸਪਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਪਿੰਦਰ ਸਿੰਘ ਉਕਤ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਸੇਵਾ ਕਰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਕਤ ਮੁਲਾਜ਼ਮ ਜਸਪਿੰਦਰ ਸਿੰਘ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਸਵੇਰੇ ਜਦੋਂ ਉਹ ਕਿਤੇ ਨਜ਼ਰ ਨਹੀਂ ਆਇਆ ਤਾਂ ਉਸ ਦੇ ਕਮਰੇ ਦੀ ਜਾਂਚ ਕੀਤੀ ਗਈ ਤਾਂ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਦੋਂ ਮੁਲਾਜ਼ਮ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਸਪਿੰਦਰ ਸਿੰਘ ਦੇ ਘਰ ਅਤੇ ਪਿੰਡ ਆਹਲੀ ਕਲਾਂ ਵਿੱਚ ਸੋਗ ਛਾ ਗਿਆ। ਜਸਪਿੰਦਰ ਸਿੰਘ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਫਿਲਹਾਲ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਦੂਜੇ ਪਾਸੇ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।