IND VS AFG : ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ T-20

by jagjeetkaur

ਭਾਰਤ ਨੇ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਅਫਗਾਨਿਸਤਾਨ ਖਿਲਾਫ ਆਪਣਾ ਜੇਤੂ ਰਿਕਾਰਡ ਜਾਰੀ ਰੱਖਿਆ ਹੈ। ਟੀ-20 ‘ਚ ਅਫਗਾਨਿਸਤਾਨ ‘ਤੇ ਭਾਰਤ ਦੀ ਇਹ 5ਵੀਂ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਈ ਹੈ। ਸੀਰੀਜ਼ ਦਾ ਦੂਜਾ ਮੈਚ 14 ਜਨਵਰੀ ਨੂੰ ਇੰਦੌਰ ‘ਚ ਖੇਡਿਆ ਜਾਵੇਗਾ।

ਵੀਰਵਾਰ ਨੂੰ ਮੋਹਾਲੀ ‘ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 5 ਵਿਕਟਾਂ ‘ਤੇ 158 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ ਨੇ 17.3 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਸ਼ਿਵਮ ਦੂਬੇ ਨੇ ਅਜੇਤੂ 60 ਦੌੜਾਂ ਬਣਾਈਆਂ, ਜਦਕਿ ਜਿਤੇਸ਼ ਸ਼ਰਮਾ ਨੇ 31 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 23 ਅਤੇ ਤਿਲਕ ਵਰਮਾ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਗੇਂਦਬਾਜ਼ੀ ਵਿੱਚ ਮੁਕੇਸ਼ ਕੁਮਾਰ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ।