ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਾਨਸਾ ਜੇਲ੍ਹ ਵਿੱਚ ਬੰਦ ਫ਼ਿਰੋਜ਼ਪੁਰ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ। 18 ਸਤੰਬਰ 2022 ਨੂੰ ਸਾਬਕਾ ਵਿਧਾਇਕ ਗਹਿਰੀ ਨੂੰ ਵਿਜੀਲੈਂਸ ਬਿਊਰੋ ਨੇ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਫਿਰੋਜ਼ਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ।
ਸਾਬਕਾ ਵਿਧਾਇਕ ਗਹਿਰੀ ਅਤੇ ਉਸ ਦੇ ਪਤੀ ‘ਤੇ 2017 ਤੋਂ 2022 ਤੱਕ ਵਿਧਾਇਕ ਰਹਿੰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਸੀ, ਜਿਸ ਦਾ ਪਤੀ-ਪਤਨੀ ਵਿਜੀਲੈਂਸ ਦੀ ਜਾਂਚ ਦੌਰਾਨ 2.84 ਕਰੋੜ ਰੁਪਏ ਦੀ ਰਕਮ ਦਾ ਹਿਸਾਬ ਨਹੀਂ ਦੇ ਸਕੇ, ਜਿਸ ਤੋਂ ਬਾਅਦ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਗਹਿਰੀ ਕਾਂਗਰਸ ਪਾਰਟੀ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ ਸਨ, ਜਦਕਿ ਇਸ ਸਮੇਂ ਗਹਿਰੀ ਅਤੇ ਉਨ੍ਹਾਂ ਦੇ ਪਤੀ ਭਾਜਪਾ ‘ਚ ਹਨ। ਗ੍ਰਿਫ਼ਤਾਰੀ ਤੋਂ ਬਾਅਦ ਗਹਿਰੀ ਨੂੰ ਮਾਨਸਾ ਜੇਲ੍ਹ ਵਿੱਚ ਰੱਖਿਆ ਗਿਆ ਸੀ।