ਪੱਤਰ ਪ੍ਰੇਰਕ : ਦੁਬਈ ਦੇ ਲੁਲੁ ਗਰੁੱਪ ਨੇ ਖਰੀਦੋ-ਫਰੋਖਤ ਲਈ ਹੁਣ ਪੰਜਾਬ ਦਾ ਰੁਖ ਕਰ ਲਿਆ ਹੈ। ਦੱਸ ਦਈਏ ਕਿ ਲੁਲੁ ਦੁਨੀਆ ਦੇ 23 ਤੋਂ ਵੱਧ ਦੇਸ਼ਾਂ ਵਿੱਚ ਫ਼ਲ਼ਾਂ ਤੇ ਸਬਜ਼ੀਆਂ ਦੇ 250 ਤੋਂ ਵਧ ਸ਼ਾਪਿੰਗ ਮਾਲ ਚਲਾਉਂਦਾ ਹੈ। ਜਾਣਕਾਰੀ ਮੁਤਾਬਕ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਉਕਤ ਗਰੁੱਪ ਦੇ ਸੰਸਥਾਪਕ ਐਮਏ ਯੂਸਫ਼ ਅਲੀ ਨਾਲ ਮੁਲਾਕਾਤ ਕਰ ਕੇ ਪੰਜਾਬ ਦੀਆਂ ਖੇਤੀ ਵਸਤਾਂ ਦੀ ਖਰੀਦ ਦਾ ਸੱਦਾ ਦਿੱਤਾ ਗਿਆ ਹੈ ਤੇ ਗਰੁੱਪ ਨੇ ਦੁਬਈ ਦੇ ਐਕਸਪੋਰਟ ਲਈ ਪੰਜਾਬ ਤੋਂ ਕਿੰਨੂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਸੀਜ਼ਨ ਵਿੱਚ 1500 ਟਨ ਟੀਚਾ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ 350 ਟਨ ਦੇ ਕਰੀਬ ਕਿੰਨੂ ਪਹਿਲਾਂ ਹੀ ਐਕਸਪੋਰਟ ਕੀਤੇ ਜਾ ਚੁੱਕੇ ਹਨ। ਕਿੰਨੂ ਦੀ ਖਰੀਦ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਕਰਨ ਲਈ ਐਮਪੀ ਵਿਕਰਮਜੀਤ ਸਾਹਨੀ, ਲੁਲੁ ਗਰੁੱਪ ਦੇ ਕਮਰਸ਼ੀਅਲ ਮੈਨੇਜਰ ਰਾਕੇਸ਼ ਰਾਵੀ ਤੇ ਸਨ ਫਾਊਂਡੇਸ਼ਨ ਪੰਜਾਬ ਦੇ ਸੀਈਏ ਗੁਰਵੀਰ ਸਿੰਘ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਤੇ ਸਹਿਯੋਗ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਲੁਲੁ ਗਰੁੱਪ ਦੇ ਕਮਰਸ਼ੀਅਲ ਮੈਨੇਜਰ (ਇੰਡੀਆ) ਨੇ ਕਿਹਾ ਕਿ ਪੰਜਾਬ ਦੇ ਕਿੰਨੂ ਦੀ ਗੁਣਵੱਤਾ ਚੰਗੀ ਹੈ, ਪਰ ਇਸ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਗਲੇ ਸੀਜ਼ਨ ਦੀ ਖਰੀਦ ਲਈ ਅਸੀਂ ਸਨ ਫਾਊਂਡੇਸ਼ਨ ਨਾਲ ਮਿਲ ਕੇ ਕਿੰਨੂ ਉਤਪਾਦਕਾਂ ਨੂੰ ਮਾਤਰਾ ’ਤੇ ਨਹੀਂ ਸਗੋਂ ਗੁਣਵੱਤਾ ’ਤੇ ਧਿਆਨ ਦੇਣ ਲਈ ਜਾਗਰੂਕ ਕਰਾਂਗੇ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਰਾਕੇਸ਼ ਰਵੀ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਲੁਲੁ ਗਰੁੱਪ ਲਈ ਪੰਜਾਬ ਤੋਂ ਹਰੇ ਮਟਰ, ਕਾਲੀ ਗਾਜਰ ਅਤੇ ਨਾਸ਼ਪਾਤੀ ਦੀ ਖਰੀਦ ਲਈ ਵੀ ਯਤਨਸ਼ੀਲ ਹਾਂ।