ਲੁਧਿਆਣਾ ‘ਚ ਪੁਲਿਸ ਮੁਕਾਬਲੇ ‘ਚ ਗੈਂਗਸਟਰ ਦੀ ਮੌਤ, ਕਈ ਮਾਮਲਿਆਂ ‘ਚ ਸੀ ਲੋੜੀਂਦਾ

by jaskamal

ਪੱਤਰ ਪ੍ਰੇਰਕ : ਲੁਧਿਆਣਾ ਦੇ ਮਾਛੀਵਾੜਾ ਰੋਡ ਤੇ ਸਥਿਤ ਪਿੰਡ ਪੰਜੇਟਾ ਚ ਪੁਲਿਸ ਅਤੇ ਲੁਟੇਰੇ ਵਿਚਾਲੇ ਹੋਏ ਮੁਕਾਬਲੇ ਵਿੱਚ ਗੈਂਗਸਟਰ ਸੁਖਦੇਵ ਵਿੱਕੀ ਦਾ ਐਨਕਾਊਂਟਰ ਕੀਤਾ ਗਿਆ। ਵਿੱਕੀ ਆਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੇ ਜ਼ੋਰ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗੈਂਗਸਟਰ 22 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਇਲਾਕੇ 'ਚ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਆਖਰਕਾਰ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ ਪੁਲਿਸ ਮੁਕਾਬਲੇ 'ਚ ਗੈਂਗਸਟਰ ਵਿੱਕੀ ਮਾਰਿਆ ਗਿਆ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ ਹਾਲ ਹੀ 'ਚ ਲੁਧਿਆਣਾ 'ਚ ਇਕ ਮਨੀ ਐਕਸਚੇਂਜਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਇਨ੍ਹਾਂ ਲੁਟੇਰਿਆਂ ਨੇ ਅੰਜਾਮ ਦਿੱਤਾ ਸੀ। ਇਨ੍ਹਾਂ ਹੀ ਨਹੀਂ ਇਹ ਵਪਾਰੀਆਂ ਨੂੰ ਧਮਕੀਆਂ ਵੀ ਦਿੰਦੇ ਸਨ। ਮੁਲਜ਼ਮ ਦੀ ਆਪਣੀ ਗੈਂਗ ਸੀ ਜਿਨ੍ਹਾਂ ਵੱਲੋਂ ਲੁੱਟਾਂ ਖੋਹਾਂ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਬੀਤੇ ਦਿਨੀ ਜਮਾਲਪੁਰ ਵਿਖੇ ਵੀ ਇਹਨਾਂ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੁਲਿਸ ਦੀ ਰਡਾਰ 'ਤੇ ਸਨ। ਜਦਕਿ 3 ਗੈਂਗ ਦੇ ਮੈਂਬਰਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਸੀ ਅਤੇ ਗੈਂਗ ਦੇ ਮੁੱਖ ਸਰਗਨਾ ਸੁਖਦੇਵ ਸਿੰਘ ਉਰਫ ਵਿੱਕੀ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ।