ਚੰਡੀਗੜ੍ਹ ਦੀ ਇਸ ਕਲੋਨੀ ‘ਚ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਕੀਤੇ ਸ਼ੁਰੂ

by jaskamal

ਪੱਤਰ ਪ੍ਰੇਰਕ : ਚੰਡੀਗੜ੍ਹ ਨਗਰ ਨਿਗਮ ਅਧੀਨ ਪੈਂਦੀ ਧਨਾਸ ਕਲੋਨੀ ਦੇ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਅਸਲ ਵਿੱਚ ਇਹ ਲੋਕ ਪਸ਼ੂਆਂ ਦੇ ਗੋਹੇ ਤੋਂ ਪ੍ਰੇਸ਼ਾਨ ਹਨ। ਗਊਆਂ ਕਾਰਨ ਪੂਰੇ ਇਲਾਕੇ ਵਿੱਚ ਗੰਦਗੀ ਫੈਲ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ। ਭਾਵੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਪਸ਼ੂਆਂ ਨੂੰ ਇੱਥੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਫਿਰ ਵੀ ਨਗਰ ਨਿਗਮ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ।

ਇਲਾਕੇ 'ਚ ਹਰ ਪਾਸੇ ਗੋਬਰ ਦਿਖਾਈ ਦੇ ਰਿਹਾ ਹੈ ਅਤੇ ਲੋਕ ਕਾਫੀ ਪ੍ਰੇਸ਼ਾਨ ਹਨ, ਜਿਸ ਕਾਰਨ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਮਾਮਲੇ ਸਬੰਧੀ ਐਨ.ਜੀ.ਓ. ਡਾਇਰੈਕਟਰ ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਅਦਾਲਤ ਵਿੱਚ ਇੱਕ ਹਲਫ਼ਨਾਮਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਲਾਕੇ ਵਿੱਚੋਂ ਪਸ਼ੂਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਇਲਾਕੇ ਦੀ ਸਫ਼ਾਈ ਕਰਵਾਈ ਗਈ ਹੈ, ਪਰ ਇਹ ਹਲਫ਼ਨਾਮਾ ਨਗਰ ਨਿਗਮ ਵੱਲੋਂ ਗਲਤ ਦਿੱਤਾ ਗਿਆ ਹੈ। ਕਿਉਂਕਿ ਉਥੇ ਅਜੇ ਵੀ ਗੋਬਰ ਅਤੇ ਹੋਰ ਗੰਦਗੀ ਹੈ।

ਉਨ੍ਹਾਂ ਕਿਹਾ ਕਿ ਅਧਿਕਾਰੀ ਅਜਿਹੇ ਸਬੂਤ ਦੇ ਕੇ ਅਦਾਲਤ ਨੂੰ ਗੁੰਮਰਾਹ ਕਰ ਰਹੇ ਹਨ। ਵਰਨਣਯੋਗ ਹੈ ਕਿ ਚੰਡੀਗੜ੍ਹ ਦੇ ਵਸੇਬੇ ਤੋਂ ਬਾਅਦ ਦੁੱਧ ਦੀ ਸਪਲਾਈ ਲਈ ਸ਼ਹਿਰ ਵਿੱਚ ਮਿਲਕ ਕਲੋਨੀ ਬਣਾਈ ਗਈ ਸੀ। ਇੱਥੇ ਲੋਕਾਂ ਨੂੰ ਜਾਨਵਰ ਰੱਖਣ ਲਈ ਜਗ੍ਹਾ ਦਿੱਤੀ ਗਈ ਪਰ ਹੌਲੀ-ਹੌਲੀ ਕੁਝ ਲੋਕ ਇੱਥੋਂ ਚਲੇ ਗਏ ਅਤੇ ਕੁਝ ਨੇ ਆਪਣੇ ਘਰ ਬਣਾ ਲਏ। ਬਾਅਦ ਵਿੱਚ ਪ੍ਰਸ਼ਾਸਨ ਨੇ 2006 ਵਿੱਚ ਇਸ ਕਲੋਨੀ ਨੂੰ ਰੈਗੂਲਰ ਕਰ ਦਿੱਤਾ ਪਰ ਫਿਰ ਵੀ ਕੁਝ ਲੋਕ ਇੱਥੇ ਪਸ਼ੂ ਪਾਲਦੇ ਹਨ।