ਮਜੀਠੀਆ ਨੇ ਪੰਜਾਬ ਕੈਬਨਿਟ ਮੰਤਰੀ ‘ਤੇ ਲਾਏ ਗੰਭੀਰ ਇਲਜ਼ਾਮ, ਚੱਲਦੀ ਪ੍ਰੈੱਸ ਕਾਨਫਰੰਸ ਦੌਰਾਨ ਦਿਖਾਏ ਸਬੂਤ !

by jaskamal

ਪੱਤਰ ਪ੍ਰੇਰਕ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ’ਤੇ ਦੋਸ਼ ਲਾਇਆ ਕਿ ਉਹਨਾਂ ਨੇ ਇਕ ਬੇਵਸ ਪੀੜਤ ਦਾ ਸੋਸ਼ਣ ਕਰ ਕੇ ਨੈਤਿਕ ਪੱਧਰ ਉੱਤੇ ਡਿੱਗਣ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਆਪਣੇ ਮੰਤਰੀ ਦੀ ਇਸ ਹਰਕਤ ਬਾਰੇ ਜਾਣੂ ਹੋਣ ਦੇ ਬਾਵਜੂਦ ਉਹਨਾਂ ਦਾ ਬਚਾਅ ਕਰ ਰਹੇ ਹਨ।

ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਿਣਸੀ ਸੋਸ਼ਣ ਕਰਨ ਵਾਲੇ ਇਸ ਵਿਅਕਤੀ ਨੂੰ ਪੰਜਾਬ ਕੈਬਨਿਟ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਹੀ ਮੁੱਖ ਮੰਤਰੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ।

ਮਜੀਠੀਆ ਨੇ ਕਿਹਾ ਕਿ ਉਹ ਜਿਸ ਭਾਸ਼ਾ ਵਿਚ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਹਨ, ਇਹੀ ਉਹਨਾਂ ਨੂੰ ਸਮਝ ਆਉਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਦੀਵਾਲੀ ਮੌਕੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਜਿਹੜੇ ਮੰਤਰੀ ਉਹਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ, ਉਹਨਾਂ ਦੀਆਂ ਹਰਕਤਾਂ ਬਾਰੇ ਪਤਾ ਲੱਗਣ ’ਤੇ ਉਹ ਉਹਨਾਂ ਨਾਲ ਹੱਥ ਮਿਲਾਉਣਾ ਵੀ ਪਸੰਦ ਨਹੀਂ ਕਰਨਗੇ। ਇਸ ਮਗਰੋਂ ਉਹਨਾਂ ਨੇ ਦੀਵਾਲੀ ਦੇ ਤਿਓਹਾਰ ਦੀ ਤਸਵੀਰ ਸਾਂਝੀ ਕਰ ਕੇ ਮੁੱਖ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਸੀ ਤਾਂ ਜੋ ਉਹ ਉਹਨਾਂ ਦੇ ’ਮਨ ਪਸੰਦ’ ਮੰਤਰੀ ਦੀ ਘਿਨੌਣੀ ਹਰਕਮਤ ਦਾ ਸਬੂਤ ਉਹਨਾਂ ਨੂੰ ਸੌਂਪ ਸਕਣ। ਉਹਨਾਂ ਕਿਹਾ ਕਿ ਉਹਨਾਂ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਮੁੱਖ ਮੰਤਰੀ ਵੀ ਆਪਣੇ ਵਿਰੋਧੀਆਂ ਨਾਲ ਟਵਿੱਟਰ ’ਤੇ ਹੀ ਗੱਲਬਾਤ ਕਰਨ ਲਈ ਜਾਣੇ ਜਾਂਦੇ ਹਨ।

ਮਜੀਠੀਆ ਨੇ ਮੁੱਖ ਮੰਤਰੀ ਲਈ ਦੀਵਾਲੀ ਦਾ ਤੋਹਫਾ ਵੀ ਪੈਕ ਕਰਵਾਇਆ ਸੀ। ਮਜੀਠੀਆ ਨੇ ਪੱਤਰਕਾਰਾਂ ਦੇ ਸਾਹਮਣੇ ਉਹ ਡੱਬਾ ਖੋਲ੍ਹਿਆ ਤਾਂ ਉਸ ਵਿਚੋਂ ਉਹ ਪੈਨ ਡ੍ਰਾਈਵ ਨਿਕਲੀ ਜਿਸ ਵਿਚ ਮੰਤਰੀ ਦੀ ਸ਼ਰਮਨਾਕ ਹਰਕਤ ਰਿਕਾਰਡ ਹੈ। ਉਹਨਾਂ ਕਿਹਾ ਕਿ ਉਹ ਇਸ ਪੈਨ ਡ੍ਰਾਈਵ ਜੋ ਉਹਨਾਂ ਨੂੰ ਇਕ ਜਨਤਕ ਪ੍ਰੋਗਰਾਮ ਵਿਚ ਸੌਂਪੀ ਗਈ, ਵੇਰਵੇ ਸਾਂਝੇ ਨਹੀਂ ਕਰ ਰਹੇ ਕਿਉਂਕਿ ਇਸ ਵਿਚ ਮੰਤਰੀ ਦੇ ਗੁਨਾਹਾਂ ਦਾ ਬਹੁਤ ਹੀ ਸ਼ਰਮਨਾਕ ਮਟੀਰੀਅਲ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੈਨ ਡ੍ਰਾਈਵ ਸੌਂਪਣਾ ਚਾਹੁੰਦੇ ਹਨ ਤਾਂ ਜੋ ਉਹ ਮਾਮਲੇ ਵਿਚ ਫੌਰੀ ਕਾਰਵਾਈ ਕਰ ਸਕਣ।