Punjab: ਡੇਰੇ ‘ਚ ਪਾਠੀ ਕੋਲੋਂ ਮਿਲੀ ਸ਼ਰਾਬ, ਡੇਰਾ ਮੁਖੀ ਸਣੇ 2 ਗ੍ਰਿਫਤਾਰ

by jaskamal

ਪੱਤਰ ਪ੍ਰੇਰਕ : ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਡੇਰੇ ਵਿੱਚ ਗੁਟਕਾ ਸਾਹਿਬ ਦੇ ਪਾੜੇ ਹੋਏ ਅੰਗ ਮਿਲਣ ਨਾਲ ਸਥਿਤੀ ਤਣਾਅਪੂਰਨ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੰਨਾ ਹੀ ਨਹੀਂ ਪਾਠੀ ਦੇ ਕਮਰੇ 'ਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਧਿਆਨ ਵਿੱਚ ਆਇਆ, ਜਿਸ ਤੋਂ ਬਾਅਦ ਪੰਜ ਪਿਆਰਿਆਂ ਨੇ ਤੁਰੰਤ ਉਕਤ ਡੇਰੇ ਦੀ ਜਾਂਚ ਕੀਤੀ। ਇਸ ਦੌਰਾਨ ਪਾਠੀ ਧਰਮ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਡੇਰੇ ਦੇ ਮੁਖੀ ਬਖਤੌਰ ਦਾਸ ਅਤੇ ਭੋਲਾ ਦਾਸ ਨੂੰ ਮੌਕੇ ਤੋਂ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਹੈ। ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ 'ਚ ਥਾਣਾ ਨੇਹੀਆਂਵਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹੋਰ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਿੰਡ ਦਾਨ ਸਿੰਘ ਵਾਲਾ ਵਿੱਚ ਇੱਕ ਡੇਰੇ ਵਿੱਚ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਡੇਰੇ ਵਿੱਚ ਪਾਠੀ ਸ਼ਰਾਬ ਪੀਂਦੇ ਹਨ, ਜਿਸ ਦੀ ਸੂਚਨਾ ਤੁਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ ਗਈ। ਜਦੋਂ ਪੰਜ ਪਿਆਰਿਆਂ ਨੇ ਡੇਰੇ ਵਿੱਚ ਜਾ ਕੇ ਜਾਂਚ ਕੀਤੀ ਤਾਂ ਇੱਕ ਟਰੰਕ ਵਿੱਚ ਰੱਖੇ ਗੁਟਕਾ ਸਾਹਿਬ ਦੇ ਪਾਟੇ ਹੋਏ ਅੰਗ ਪਾਏ ਗਏ ਅਤੇ ਪਾਠੀ ਦੇ ਕਮਰੇ ਵਿੱਚੋਂ ਸ਼ਰਾਬ ਬਰਾਮਦ ਹੋਈ। ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।