ਪੱਤਰ ਪ੍ਰੇਰਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਇੱਕ ਵਾਰ ਫਿਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਨ। ਦੱਸ ਦੇਈਏ ਕਿ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਨ। ਜਦਕਿ ਹਰਭਜਨ ਸਿੰਘ ਮਸਾਣਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਬਖਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ਚੁਣੇ ਗਏ ਹਨ। ਇਸ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 137 ਵੋਟਾਂ ਵਿੱਚੋਂ 2 ਵੋਟਾਂ ਰੱਦ ਹੋ ਗਈਆਂ। ਹਜਿੰਦਰ ਸਿੰਘ ਧਾਮੀ 118 ਵੋਟਾਂ ਨਾਲ ਜੇਤੂ ਰਹੇ ਹਨ। ਜਦੋਂ ਕਿ ਢੀਂਡਸਾ ਧੜੇ ਦੇ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਮਿਲੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਤੀਜੀ ਵਾਰ ਹਰਜਿੰਦਰ ਸਿੰਘ ਧਾਮੀ ਬਣੇ ਜਿਸ ਤੋਂ ਬਾਅਦ ਲਗਾਤਾਰ ਹੀ ਅਕਾਲੀ ਦਲ ਦੇ ਮੈਂਬਰਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਜਰਨਲ ਜਲਾਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ ਮਹਿਜ਼ 104 ਵੋਟਾਂ ਪਈਆਂ ਸਨ, ਪਰ, ਇਸ ਵਾਰ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਪਈਆਂ ਹਨ, ਜੋ ਕਿ ਬੇਹਦ ਹੀ ਖੁਸ਼ੀ ਦੀ ਗੱਲ ਹੈ। ਐਸਜੀਪੀਸੀ ਜਰਨਲ ਇਜਲਾਸ ਦੌਰਾਨ ਅਕਾਲੀ ਦਲ ਵਿਰੋਧੀ ਧਿਰ ਦੇ ਚੋਣ ਹਾਰਨ ਦਾ ਕਾਰਨ ਬੀਬੀ ਜਗੀਰ ਕੌਰ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵਿਰੋਧੀ ਧਿਰ ਨੂੰ 40 ਵੋਟਾਂ ਪਈਆਂ ਸੀ, ਜੋ ਹੁਣ 17 ਉੱਤੇ ਰਹਿ ਗਈਆਂ।