Vigilance ਅੱਗੇ ਪੇਸ਼ ਹੋਏ ਮਨਪ੍ਰੀਤ ਬਾਦਲ, ਜ਼ਮਾਨਤ ਮਗਰੋਂ ਕੇਸ CBI ਨੂੰ ਸੌਂਪਣ ਦੀ ਕੀਤੀ ਮੰਗ

by jaskamal

ਪੱਤਰ ਪ੍ਰੇਰਕ : ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਲਗਾਤਾਰ ਵਿਜੀਲੈਂਸ ਦੀ ਰਡਾਰ ਉੱਤੇ ਹਨ ਅਤੇ ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਵੀ ਜਾਰੀ ਹੋਏ ਸਨ, ਪਰ ਮਨਪ੍ਰੀਤ ਬਾਦਲ ਲਗਾਤਾਰ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਸਨ। ਪੰਜਾਬ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ ਸਾਬਕਾ ਖ਼ਜ਼ਾਨਾ ਮੰਤਰੀ ਨੂੰ ਤਲਬ ਕੀਤਾ ਗਿਆ ਸੀ ਅਤੇ ਅੱਜ ਉਹ ਬਠਿੰਡਾ ਵਿਜੀਲੈਂਸ ਵਿਭਾਗ ਕੋਲ ਪੇਸ਼ ਹੋਏ ਹਨ।

ਪਲਾਟ ਖਰੀਦ ਮਾਮਲੇ ਵਿੱਚ ਉਨ੍ਹਾਂ ਤੋਂ ਵਿਜਲੈਂਸ ਵਿਭਾਗ ਵੱਲੋਂ ਲੱਗਭਗ ਤਿੰਨ ਘੰਟੇ ਪੁੱਛਗਿਛ ਕੀਤੀ ਗਈ। ਜਿਸ 'ਚ ਉਨ੍ਹਾਂ ਆਪਣੇ ਕੇਸ ਨੂੰ ਵਿਜੀਲੈਂਸ ਤੋਂ ਸੀਬੀਆਈ ਕੋਲ ਤਬਦੀਲ ਕਰਨ ਦੀ ਮੰਗ ਰੱਖੀ ਹੈ। ਵਿਜੀਲੈਂਸ ਦੀ ਪੁੱਛਗਿਛ ਤੋ ਬਾਹਰ ਨਿਕਲਦਿਆਂ ਮਨਪ੍ਰੀਤ ਬਾਦਲ ਨੇ ਸਰਕਾਰ ਅਤੇ ਵਿਜੀਲੈਂਸ ਵਿਭਾਗ 'ਤੇ ਕਈ ਸਵਾਲ ਖੜੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਦੇ ਇਸ ਸੱਦੇ ਦਾ ਮੈਂ ਸਵਾਗਤ ਕਰਦਾ ਹਾਂ, ਕਿਉਂਕਿ ਸਿਆਸਤਦਾਨ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਕਿਸੇ ਵਿਅਕਤੀ 'ਤੇ ਇਸ ਤਰ੍ਹਾਂ ਪਰਚਾ ਦਰਜ ਕਰ ਦੇਣਾ ਕਿਸੇ ਨੂੰ ਗੁਨਾਹਗਾਰ ਨਹੀਂ ਸਾਬਤ ਕਰ ਸਕਦਾ। ਇਸ ਲਈ ਕਾਨੂੰਨੀ ਤਕਾਜ਼ੇ ਵੀ ਪੂਰੇ ਕਰਨੇ ਹੁੰਦੇ ਹਨ।