(ਨਿਊਜ਼ ਡੈਸਕ) : ਕੁੜੀਆਂ ਹੁਣ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਰਹੀਆਂ। ਇਸ ਦੀ ਮਿਸਾਲ ਪੇਸ਼ ਕੀਤੀ ਹੈ ਬਰਨਾਲਾ ਦੀ ਅੰਜਲੀ ਕੌਰ ਨੇ। ਬਰਨਾਲਾ ਦੇ ਪਿੰਡ ਕੋਟਦੁੱਨਾ ਦੀ ਅੰਜਲੀ ਕੌਰ ਨੇ ਮਹਿਜ਼ 23 ਸਾਲ ਦੀ ਉਮਰ ਵਿੱਚ ਜੱਜ ਬਣ ਕੇ ਆਪਣੇ ਮਾਪਿਆਂ ਸਮੇਤ ਬਰਨਾਲਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਅੰਜਲੀ ਦੇ ਪਿਤਾ ਬਲਕਾਰ ਸਿੰਘ ਬਰਨਾਲਾ ਪੁਲਿਸ ਵਿੱਚ ਨੌਕਰੀ ਕਰਦੇ ਹਨ, ਇਸ ਤੋਂ ਪਹਿਲਾਂ ਉਹ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ ਅਤੇ ਫੌਜ ਵਿਚੋਂ ਚੰਗੀਆਂ ਸੇਵਾਵਾਂ ਬਦਲੇ ਮੈਡਲ ਵੀ ਹਾਸਲ ਕਰ ਚੁੱਕੇ ਹਨ।
ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ : ਅੰਜਲੀ ਦੇ ਜੱਜ ਬਣਨ ਤੋਂ ਬਾਅਦ ਘਰ 'ਚ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਦੌੜ ਤੋਂ 'ਆਪ' ਵਿਧਾਇਕ ਲਾਭ ਸਿੰਘ ਉਗੋਕੇ 'ਆਪ' ਪਾਰਟੀ ਦੀ ਤਰਫੋਂ ਪਰਿਵਾਰ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ।
ਕੁੜੀਆਂ ਨੂੰ ਛੋਟੀ ਉਮਰੇ ਵਿਆਹੁਣ ਨਾਲੋਂ ਪੜ੍ਹਾਉਣਾ ਜ਼ਰੂਰੀ : ਜੱਜ ਬਣੀ ਅੰਜਲੀ ਨੇ ਕਿਹਾ ਕਿ ਇਸ ਅਹੁਦੇ 'ਤੇ ਪਹੁੰਚਣ 'ਚ ਉਸ ਦੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ, ਜਦਕਿ ਅੰਜਲੀ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਧੀਆਂ ਦਾ ਛੋਟੀ ਉਮਰ 'ਚ ਵਿਆਹ ਕਰਨ ਦੀ ਬਜਾਏ ਉਨ੍ਹਾਂ ਨੂੰ ਪੜ੍ਹਾਉਣਾ ਚਾਹੀਦਾ ਹੈ। ਇਸ ਮੌਕੇ ਜੱਜ ਬਣਨ ਵਾਲੀ ਲੜਕੀ ਅੰਜਲੀ ਕੌਰ ਨੇ ਕਿਹਾ ਕਿ ਇਹ ਉਸ ਲਈ ਖੁਸ਼ੀ ਦੀ ਗੱਲ ਹੈ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਜੱਜ ਬਣੀ ਹੈ। ਉਸ ਨੇ ਦੱਸਿਆ ਕਿ ਪੜ੍ਹਾਈ ਤੋਂ ਬਾਅਦ ਉਸ ਨੇ ਕੋਚਿੰਗ ਲਈ ਅਤੇ ਸਖ਼ਤ ਮਿਹਨਤ ਕਰ ਕੇ ਪੇਪਰ ਪਾਸ ਕੀਤਾ। ਪੇਪਰ ਤੋਂ ਪਹਿਲਾਂ ਡਰ ਸੀ, ਪਰ ਫਿਰ ਵੀ ਆਪਣੇ ਆਪ 'ਤੇ ਭਰੋਸਾ ਸੀ ਕਿ ਮੈਂ ਤਿਆਰੀ ਕੀਤੀ ਹੈ ਅਤੇ ਮੇਰੀ ਮਿਹਨਤ ਜ਼ਰੂਰ ਫਲ ਦੇਵੇਗੀ।
ਮੈਨੂੰ ਆਪਣੀ ਧੀ ਉਤੇ ਮਾਣ ਹੈ : ਅੰਜਲੀ ਕੌਰ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੇ ਜੱਜ ਬਣਨ 'ਤੇ ਬਹੁਤ ਖੁਸ਼ੀ ਅਤੇ ਮਾਣ ਹੈ। ਉਨ੍ਹਾਂ ਕਿਹਾ ਕਿ ਹਰ ਮਾਂ-ਬਾਪ ਨੂੰ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ। ਸਾਡੇ ਸਮਾਜ ਵਿੱਚ ਧੀਆਂ ਨੂੰ ਵਿਆਹ ਤੱਕ ਹੀ ਆਪਣੀ ਜ਼ਿੰਮੇਵਾਰੀ ਸਮਝਿਆ ਜਾਂਦਾ ਹੈ, ਜਦਕਿ ਧੀਆਂ ਨੂੰ ਸਿੱਖਿਅਤ ਅਤੇ ਸਹਾਰਾ ਦੇਣਾ ਜ਼ਰੂਰੀ ਹੈ।