ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰਨਾਲਾ ਦੇ ਪਿੰਡ ਸੇਖਾ ਵਿਖੇ ਬੀਤੀ ਦਿਨੀਂ ਮਾਂ -ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਪੁਲਿਸ ਨੇ ਹੁਣ 24 ਘੰਟਿਆਂ ਅੰਦਰ ਸੁਲਝਾਉਂਦੇ ਹੋਏ ਦੋਸ਼ੀ ਜਵਾਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਸੰਦੀਪ ਨੇ ਦੱਸਿਆ ਕਿ ਪੁਲਿਸ ਟੀਮ ਨੇ ਮਿਲੇ ਕੇ ਦੇਰ ਰਾਤ ਪਿੰਡ ਸੇਖਾ 'ਚ ਹੋਏ ਦੋਹਰੇ ਕਤਲ ਮਾਮਲੇ ਨੂੰ ਸੁਲਝਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਘਟਨਾ 'ਚ ਪਰਮਜੀਤ ਕੌਰ ਤੇ ਉਸ ਦੀ ਮਾਤਾ ਹਰਬੰਸ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ।
ਪਰਮਜੀਤ ਕੌਰ ਦੇ ਪਤੀ ਰਾਜਦੀਪ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਸਨ ਤੇ ਘਰ 'ਚੋ ਸੋਨੇ ਦੇ ਗਹਿਣੇ ਸਣੇ ਹੋਰ ਸਾਮਾਨ ਚੋਰੀ ਹੋਇਆ ਸੀ ।ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਘਟਨਾ ਦੀ ਸੂਚਨਾ ਮਿਲਦੇ ਹੀ ਟੀਮ ਦਾ ਗਠਨ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ 'ਚ ਜਖ਼ਮੀ ਹੋਏ ਰਾਜਦੀਪ ਸਿੰਘ ਬਿਆਨ ਕੀਤੇ ਗਏ ਹਾਲਾਤ ਸ਼ੱਕੀ ਪਾਏ ਗਏ, ਜੋ ਵਾਰਦਾਤ ਨਾਲ ਮੇਲ ਨਹੀ ਖਾ ਰਹੇ ਸਨ ।ਫਿਲਹਾਲ ਪੁਲਿਸ ਨੇ ਦੋਸ਼ੀ ਜਵਾਈ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।