ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਢਿੱਲਵਾਂ ਚੋਂਕ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਐਕਟਿਵਾ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਪਤੀ- ਪਤਨੀ ਤੇ 3 ਬੱਚੇ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪੁਲਿਸ ਨੇ ਦੋਸ਼ੀ ਮੋਟਰਸਾਈਕਲ ਚਾਲਕ ਮੁਹੰਮਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ ।
ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਕਮਲ ,ਆਪਣੀ ਪਤਨੀ ਰਚਨਾ ਤੇ 2 ਧੀਆਂ ਅਰਾਧਿਕਾ ਤੇ ਤਨਿਸ਼ਕਾ ਅਤੇ 5 ਸਾਲ ਦੀ ਭਰਿਜੀ ਪ੍ਰਤਿਸ਼ਠਾ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਢਿੱਲਵਾਂ ਚੋਂਕ ਕੋਲ ਹੁਸ਼ਿਆਰਪੁਰ ਰੋਡ ਤੋਂ ਗਲਤ ਸਾਈਡ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।