ਨਿਊਜ਼ ਡੈਸਕ (ਰਿੰਪੀ ਸ਼ਰਮਾ): ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੀ ਦੇਰ ਰਾਤ ਇੱਕ ਨਵੇਂ ਬਣਾਏ ਮਕਾਨ ਦੇ ਢਹਿ ਜਾਣ ਕਾਰਨ ਕੰਧ ਹੇਠਾਂ ਦੱਬਣ ਨਾਲ 40 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਗੁਰਚੇਤ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਵਾਲ ਖੁਰਦ ਵਿਖੇ ਦਲਿਤ ਤੇ ਗਰੀਬ ਪਰਿਵਾਰ ਨਾਲ ਸਬੰਧਿਤ ਕੁਲਦੀਪ ਸਿੰਘ ਵੱਲੋ ਪਿੰਡ ਤੋਂ ਨਾਰਾਇਣਗੜ੍ਹ ਜਾਣ ਵਾਲੀ ਸੜਕ 'ਤੇ ਆਪਣਾ ਨਵਾਂ ਮਕਾਨ ਬਣਾਇਆ ਜਾ ਰਿਹਾ ਸੀ , ਹਾਲਾਂਕਿ ਮਕਾਨ ਦੀ ਹਾਲੇ ਛੱਤ ਨਹੀ ਪਈ ਸੀ ।
ਕੁਲਦੀਪ ਸਿੰਘ ਰਾਖੀ ਕਰਨ ਲਈ ਰਾਤ ਨੂੰ ਆਪਣੇ ਨਵੇਂ ਉਸਾਰੇ ਮਕਾਨ ਅੰਦਰ ਸੁੱਤਾ ਹੋਇਆ ਸੀ ਕਿ ਦੇਰ ਰਾਤ ਆਏ ਤੇਜ਼ ਤੂਫ਼ਾਨ ਕਰਨ ਉਸ ਦਾ ਮਕਾਨ ਪੂਰੀ ਤਰਾਂ ਢਹਿ ਗਿਆ ਤੇ ਕੰਧ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ। ਸਵੇਰੇ ਜਦੋ ਇੱਕ ਵਿਅਕਤੀ ਕੋਲੋਂ ਨਿਕਲ ਰਿਹਾ ਸੀ ਤਾਂ ਉਸ ਨੇ ਦੇਖਿਆ ਕੁਲਦੀਪ ਸਿੰਘ ਦਾ ਮਕਾਨ ਢਹਿ -ਢੇਰੀ ਹੋਇਆ ਸੀ, ਜਦੋ ਉਸ ਦੇ ਕੋਲ ਜਾ ਕੇ ਦੇਖਿਆ ਤਾਂ ਕੁਲਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ।