ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਾਲੜੂ ਦੇ ਪਿੰਡ ਜੋਲਾ ਕਲਾਂ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨੌਜਵਾਨ ਦੀ ਸਿਵਰੇਜ਼ ਦਾ ਗਟਰ ਸਾਫ਼ ਕਰਨ ਮੌਕੇ ਗੈਸ ਚੜ੍ਹਨ ਕਾਰਨ ਮੌਤ ਹੋ ਗਈ , ਜਦਕਿ ਦੂਜੇ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਵੀ ਵਾਸੀ ਜੋਲਾ ਕਲਾਂ ਦੇ ਰੂਪ 'ਚ ਹੋਈ ਹੈ। ਦੂਜੇ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ । ਦੱਸਿਆ ਜਾ ਰਿਹਾ ਪਿੰਡ ਜੋਲਾ ਵਿਖੇ ਗਟਰ ਬੰਦ ਹੋਣ ਕਰਕੇ ਪਾਈਪ ਨੂੰ ਕਈ ਥਾਵਾਂ ਤੋਂ ਸਾਫ਼ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਰਵੀ ਤੇ ਗੁਰਪ੍ਰੀਤ ਸੀਵਰੇਜ਼ ਸਾਫ਼ ਕਰ ਰਹੇ ਸਨ। ਰਵੀ ਦੀ ਗਟਰ 'ਚ ਸਫਾਈ ਕਰਦੇ ਹੋਏ ਬੇਹੋਸ਼ ਹੋਣ ਤੋਂ ਬਾਅਦ ਮੌਤ ਹੋ ਗਈ ,ਜਦਕਿ ਗੁਰਪ੍ਰੀਤ ਨੇ ਉਸ ਨੂੰ ਬੇਹੋਸ਼ ਦੇਖਿਆ ਤਾਂ ਉਹ ਉਸ ਨੂੰ ਬਚਾਉਣ ਲਈ ਗਟਰ 'ਚ ਵੜ ਗਿਆ ਤੇ ਰਵੀ ਨੂੰ ਬਾਹਰ ਕੱਢਣ ਸਮੇ ਗੁਰਪ੍ਰੀਤ ਖੁਦ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਕਿਸੇ ਤੀਜੇ ਵਿਅਕਤੀ ਨੇ ਦੋਵਾਂ ਨੂੰ ਗਟਰ ਤੋਂ ਬਾਹਰ ਕੱਢਿਆ ਪਰ ਰਵੀ ਦੀ ਮੌਤ ਹੋ ਚੁੱਕੀ ਸੀ, ਜਦਕਿ ਗੁਰਪ੍ਰੀਤ ਬੇਹੋਸ਼ ਹੋ ਗਿਆ। ਗੁਰਪ੍ਰੀਤ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।