ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਜੈਮਲ ਕੋਲ ਕਣਕ ਦੇ ਖੇਤ 'ਚੋ ਪੁਲਿਸ ਨੂੰ ਇੱਕ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਕਰਮਜੀਤ ਕੌਰ ਦੇ ਰੂਪ 'ਚ ਹੋਈ ਹੈ। ਇਸ ਮਾਮਲੇ 'ਚ ਪੁਲਿਸ ਨੇ ਜਾਂਚ ਕਰਦੇ ਹੋਏ ਮ੍ਰਿਤਕਾ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਬੀਤੀ ਦਿਨੀਂ ਕੁੜੀ ਘਰੋਂ ਸਕੂਟੀ ਤੇ ਨਿਕਲੀ ਸੀ ਪਰ ਕੁਝ ਸਮੇ ਬਾਅਦ ਉਸ ਦੀ ਲਾਸ਼ ਪਿੰਡ ਜੈਮਲ ਕੋਲ ਕਣਕ ਦੇ ਖੇਤ 'ਚੋ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮ੍ਰਿਤਕਾ ਕਰਮਜੀਤ ਕੌਰ ਦੇ ਪ੍ਰਭਾਕਰ ਸਿੰਘ ਨਾਲ ਸਬੰਧ ਸਨ।
ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਤੇ ਉਸ ਦੇ ਸਾਥੀ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਸਾਰੇ ਮਾਮਲੇ ਦਾ ਖ਼ੁਲਾਸਾ ਹੋਇਆ। ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਮਹੀਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ 60 ਹਜ਼ਾਰ ਰੁਪਏ ਦਾ IPhone ਲੈ ਕੇ ਦਿੱਤਾ ਸੀ। ਫਿਰ ਵੀ ਕਰਮਜੀਤ ਉਸ ਨੂੰ ਬਲੈਕਮੇਲ ਕਰਕੇ 1 ਲੱਖ ਰੁਪਏ ਦੀ ਮੰਗ ਕਰ ਰਹੀ ਸੀ।
ਇਸ ਕਾਰਨ ਪ੍ਰਭਾਕਰ ਮਿਲਣ ਦੇ ਬਹਾਨੇ ਕਰਮਜੀਤ ਕੌਰ ਨੂੰ ਆਪਣੀ ਕਾਰ ਵਿੱਚ ਬੱਸ ਸਟੈਂਡ ਤੋਂ ਘਰ ਲੈ ਗਿਆ, ਉੱਥੇ ਦੋਵਾਂ ਨੇ ਸ਼ਰਾਬ ਪੀਤੀ ਤੇ ਫਿਰ ਪ੍ਰਭਾਕਰ ਨੇ ਕਰਮਜੀਤ ਕੌਰ ਦਾ ਕਤਲ ਕਰਕੇ ਉਸ ਦਾ ਮੋਬਾਈਲ ਤੋੜ ਦਿੱਤਾ । ਦੋਸ਼ੀ ਜਸਪਾਲ ਸਿੰਘ ਨੇ ਲਾਸ਼ ਨੂੰ ਸੁੱਟ 'ਚ ਪ੍ਰਭਾਕਰ ਦਾ ਸਾਥ ਦਿੱਤਾ ਸੀ । ਪੁਲਿਸ ਨੇ ਮੋਬਾਈਲ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ । ਪੁਲਿਸ ਵਲੋਂ ਦੋਵੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਦੋਵਾਂ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ ।