ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵੇਲੇ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਨੇਡਾ ਤੋਂ ਆਪਣੀ ਭੈਣ ਦੇ ਵਿਆਹ 'ਤੇ ਪੰਜਾਬ ਆਏ ਪੰਜਾਬੀ ਨੌਜਵਾਨ ਤੇ ਉਸ ਦੇ ਮਾਮੇ ਦੇ ਮੁੰਡੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਤੇ ਮਨਦੀਪ ਸਿੰਘ ਦੇ ਰੂਪ 'ਚ ਹੋਈ ਹੈ । ਮ੍ਰਿਤਕ ਬਲਰਾਜ ਸਿੰਘ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਦੱਸਿਆ ਜਾ ਰਿਹਾ ਕਿ ਨੌਜਵਾਨ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਵਾ ਕੇ ਗਿਆ ਸੀ। ਉਹ ਮਾਨਸਾ ਆਪਣੇ ਭਰਾ ਮਨਦੀਪ ਸਿੰਘ ਨਾਲ ਇੱਕ ਦੋਸਤ ਦੇ ਵਿਆਹ ਤੋਂ ਵਾਪਸ ਆ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਕਾਰ ਨੂੰ ਇੱਕ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਮ੍ਰਿਤਕ ਬਲਰਾਜ ਦੇ ਪਿਤਾ ਨੇ ਕਿਹਾ ਕਿ ਮੁੰਡਾ 4 ਸਾਲ ਬਾਅਦ ਕੈਨੇਡਾ ਤੋਂ ਆਇਆ ਸੀ, ਸਾਨੂੰ ਗੱਲਬਾਤ ਕਰਨ ਦਾ ਕੋਈ ਖ਼ਾਸ ਸਮਾਂ ਨਹੀਂ ਮਿਲਿਆ ਸੀ। ਬਲਰਾਜ ਕਹਿੰਦਾ ਸੀ ਕਿ ਉਹ ਆਪਣੀਆਂ ਭੈਣਾਂ ਦੇ ਵਿਆਹ ਚੰਗੇ ਤਰੀਕੇ ਨਾਲ ਕਰਵਾਏਗਾ। ਬਲਰਾਜ ਦੇ ਪਿਤਾ ਨੇ ਕਿਹਾ ਕਿ ਉਹ ਪਰਿਵਾਰ ਦਾ ਇਕਲੌਤਾ ਮੁੰਡਾ ਸੀ। ਬਲਰਾਜ ਦੇ ਮਾਮੇ ਦਾ ਲੜਕਾ ਮਨਦੀਪ ਸਿੰਘ ਆਸਟ੍ਰੇਲੀਆ ਜਾਣਾ ਸੀ। ਮਨਦੀਪ ਦੇ ਪਿਤਾ ਨੇ ਕਿਹਾ ਕਿ ਮਨਦੀਪ ਦੀ ਮਾਂ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕੀ ਹੈ । ਮਨਦੀਪ ਦੇ ਵੱਡੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ, ਜੋ ਵਿਆਹਿਆ ਹੋਇਆ ਸੀ। ਉਸ ਨੇ ਆਪਣੇ ਭਰਾ ਦੀ ਪਤਨੀ ਦੀ ਜਿੰਮੇਵਾਰੀ ਮਨਦੀਪ ਦੇ ਸਿਰ ਪਾ ਦਿੱਤੀ । ਜਿਸ ਤੋਂ ਬਾਅਦ ਮਨਦੀਪ ਨੇ ਆਪਣੀ ਭਰਜਾਈ ਨਾਲ ਵਿਆਹ ਕਰਵਾ ਲਿਆ । ਮਨਦੀਪ ਨੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ , ਹੁਣ ਉਸ ਨੇ ਖੁਦ ਜਾਣਾ ਸੀ, ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ।