ਨਿਊਜ਼ ਡੈਸਕ (ਰਿੰਪੀ ਸ਼ਰਮਾ): ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਤਾ ਦੇ ਜਾਗਰਣ ਦੌਰਾਨ ਕੁਝ ਅਣਪਛਾਤੇ ਨੌਜਵਾਨ ਵਲੋਂ 23 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ।ਮ੍ਰਿਤਕ ਦੀ ਪਛਾਣ ਸਾਹਿਲ ਦੇ ਰੂਪ 'ਚ ਹੋਈ ਹੈ , ਜੋ ਕਿ ਸੈਕਟਰ -38 ਵਿੱਚ ਰਹਿੰਦਾ ਸੀ। ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਗੁਆਂਢ ਵਿੱਚ ਜਾਗਰਣ ਚੱਲ ਰਿਹਾ ਸੀ, ਉੱਥੇ ਹੀ ਇਹ ਘਟਨਾ ਵਾਪਰੀ ਹੈ ।
ਮ੍ਰਿਤਕ ਦੇ ਚਾਚੇ ਨੇ ਕਿਹਾ ਘਟਨਾ ਦੇ ਸਮੇ ਉਹ ਆਪਣੇ ਘਰ ਸੀ। ਇਸ ਲਈ ਉਸ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ । ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਸੂਚਨਾ ਦਿੱਤੀ ਸੀ ਕਿ ਸਾਹਿਲ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ। ਉਸ ਨੇ ਜਦੋ ਮੌਕੇ 'ਤੇ ਜਾ ਦੇਖਿਆ ਤਾਂ ਸਾਹਿਲ ਸੜਕ 'ਤੇ ਪਿਆ ਸੀ ਤੇ ਉਸ ਦੇ ਕਾਫੀ ਖੂਨ ਵਹਿ ਰਿਹਾ ਸੀ ।ਸਾਹਿਲ ਨੂੰ ਚੁੱਕਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।