ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਾਸੂਸੀ ਦੇ ਦੋਸ਼ 'ਚ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 60 ਸਾਲਾ ਦਲਬੀਰ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਦਲਬੀਰ ਕੌਰ ਹੀ ਸੀ ਜਿਸ ਨੇ ਆਪਣੇ ਭਰਾ ਸਰਬਜੀਤ ਸਿੰਘ ਨੂੰ ਪਾਕਿਸਤਾਨ ਤੋਂ ਭਾਰਤ ਵਾਪਸ ਲਿਆਉਣ ਲਈ ਮੁਹਿੰਮ ਚਲਾਈ ਸੀ । ਦਲਬੀਰ ਕੌਰ ਵੀ ਆਪਣੇ ਭਰਾ ਸਰਬਜੀਤ ਸਿੰਘ ਨੂੰ ਮਿਲਣ ਲਈ ਪਾਕਿਸਤਾਨ ਗਈ ਸੀ।
ਸਰਬਜੀਤ ਨੂੰ ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਤਵਾਦ ਤੇ ਜਾਸੂਸੀ ਲਈ ਦੋਸ਼ੀ ਠਹਿਰਾਇਆ ਸੀ ਤੇ 1991 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸਰਕਾਰ ਨੇ 2008 'ਚ ਸਰਬਜੀਤ ਦੀ ਫਾਂਸੀ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ, ਪਰ ਅਪ੍ਰੈਲ 2013 'ਚ ਲਾਹੌਰ ਵਿੱਚ ਕੈਦੀਆਂ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਸਰਬਜੀਤ ਦੀ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਸਰਬਜੀਤ ਸਿੰਘ ਦੀ ਜ਼ਿੰਦਗੀ 'ਤੇ ਬਾਲੀਵੁੱਡ 'ਚ ਫਿਲਮ ਬਣੀ ਸੀ। ਇਸ ਫਿਲਮ 'ਚ ਸਰਬਜੀਤ ਸਿੰਘ ਦਾ ਕਿਰਦਾਰ ਰਣਦੀਪ ਹੁੱਡਾ ਨੇ ਨਿਭਾਇਆ ਸੀ ਜਦਕਿ ਉਨ੍ਹਾਂ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਐਸ਼ਵਰਿਆ ਰਾਏ ਨੇ ਨਿਭਾਇਆ ਸੀ।