ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਅਕੈਡਮੀ 'ਚ ਚੱਲ ਰਹੇ ਨਸ਼ੇ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੰਜਾਬ-ਹਰਿਆਣਾ ਹਾਈ ਕੋਰਟ 'ਚ ਇਕ ਰਿਟ ਪਟੀਸ਼ਨ ਦਾਇਰ ਕੀਤੀ ਗਈ। ਰਿਟ ਪਟੀਸ਼ਨ ਦਾਇਰ ਕਰਨ ਵਾਲੇ ਸ਼ਿਕਾਇਤਕਰਤਾ ਨੇ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਪੁਲਿਸ ਨੇ ਜਿਨ੍ਹਾਂ 7 ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਤਾਂ ਸਿਰਫ਼ ਮੋਹਰੇ ਹਨ, ਪਿੱਛੇ ਬੈਠੇ ਵੱਡੇ ਆਕਾ ਜੋ ਚਾਲ ਚੱਲ ਰਹੇ ਸਨ, ਉਨ੍ਹਾਂ ਨੂੰ ਜਦੋਂ ਤਕ ਬੇਨਕਾਬ ਨਹੀਂ ਕੀਤਾ ਜਾਂਦਾ, ਉਸ ਵੇਲੇ ਤਕ ਪੁਲਿਸ ਅਕੈਡਮੀ ਵਿ'ਚ ਸੁਧਾਰ ਆ ਸਕਣਾ ਅਸੰਭਵ ਹੈ।
ਇਕ ਸਿਪਾਹੀ ਰਮਨ ਨੇ ਦੱਸਿਆ ਕਿ ਅਕੈਡਮੀ ਅੰਦਰ ਬਹੁਤ ਵੱਡੇ ਪੱਧਰ ’ਤੇ ਨਸ਼ੇ ਦਾ ਰੈਕੇਟ ਚੱਲ ਰਿਹਾ ਹੈ। ਇਹ ਰੈਕੇਟ ਪੁਲਿਸ ਮੁਲਾਜ਼ਮ ਚਲਾ ਰਹੇ ਹਨ। ਉਸ ਨੇ ਦੱਸਿਆ ਕਿ ਉਹ ਵੀ ਇਸ ਰੈਕੇਟ ਦਾ ਸ਼ਿਕਾਰ ਹੋ ਚੁੱਕਾ ਹੈ 'ਤੇ ਉਸ ਦਾ ਕਣ-ਕਣ ਕਰਜ਼ੇ ਦੇ ਬੋਝ ਹੇਠ ਦੱਬ ਚੁੱਕਾ ਹੈ। ਉਸ ਨੇ ਦੱਸਿਆ ਕਿ 10 ਮੁਲਾਜ਼ਮ ਹੋਰ ਹਨ, ਜੋ ਇਸ ਨਸ਼ੇ ਦੇ ਜਾਲ 'ਚ ਫਸੇ ਹੋਏ ਹਨ। ਉਸ ਨੂੰ ਤਰਸ ਦੇ ਅਧਾਰ ’ਤੇ ਭਰਤੀ ਕੀਤਾ ਗਿਆ ਹੈ।