ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਨੇ ਸੂਬੇ ਦੇ ਮਜ਼ਦੂਰਾਂ ਨੂੰ ਸਮਾਰਟ ਬਣਾਉਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਸਰਕਾਰ ਨੇ ਮਜ਼ਦੂਰਾਂ ਲਈ ਇਕ ਮੋਬਾਇਲ ਐਪ ਤਿਆਰ ਕਰਵਾਈ ਹੈ, ਉਸ ’ਚ ਮਜ਼ਦੂਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ 'ਤੇ ਇਸ ਦੇ ਨਾਲ-ਨਾਲ ਸਰਕਾਰ ਵੱਲੋਂ ਮਜ਼ਦੂਰਾਂ ਦੇ ਕਲਿਆਣ ਲਈ ਜਾਰੀ ਕੀਤੀਆਂ ਜਾਂਦੀਆਂ ਵਿੱਤੀ ਯੋਜਨਾਵਾਂ ਦੀ ਨਾ ਸਿਰਫ਼ ਜਾਣਕਾਰੀ ਹਾਸਲ ਕਰ ਸਕਣਗੇ।
ਕਿਰਤ ਮਹਿਕਮੇ ਨੇ ਹੁਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਮੋਬਾਇਲ ਐਪ ‘ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ’ ਤਿਆਰ ਕੀਤੀ ਹੈ, ਜਿਸ ਨੂੰ ਇਸ ਹਫ਼ਤੇ ’ਚ ਸ਼ੁਰੂ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਪੰਜਾਬੀ 'ਤੇ ਅੰਗਰੇਜ਼ੀ ਭਾਸ਼ਾ ’ਚ ਤਿਆਰ ਇਸ ਐਪ ’ਚ ਮਜ਼ਦੂਰਾਂ ਲਈ ਸਰਕਾਰ ਵੱਲੋਂ ਐਲਾਨੀਆਂ ਸਮੁੱਚੀਆਂ ਕਲਿਆਣ ਯੋਜਨਾਵਾਂ, ਰਜਿਸਟ੍ਰੇਸ਼ਨ ਫ਼ਾਰਮ ਤੋਂ ਇਲਾਵਾ ਕਿਸੇ ਵੀ ਯੋਜਨਾ ਦਾ ਫਾਇਦਾ ਲੈਣ ਲਈ ਅਪਲਾਈ ਕਰਨ ਦਾ ਫ਼ਾਰਮ ਵੀ ਸ਼ਾਮਲ ਹੈ।
ਕਿਰਤ ਮਹਿਕਮੇ ਦੇ ਸਕੱਤਰ ਸੁਮੇਰ ਸਿੰਘ ਗੁਰਜਰ ਦਾ ਕਹਿਣਾ ਸੀ ਕਿ ਵੈਸੇ ਤਾਂ ਮਜ਼ਦੂਰਾਂ ਦੇ ਕੋਲ ਸਮਾਰਟ ਫ਼ੋਨ ਵੀ ਹਨ ਪਰ ਠੇਕੇਦਾਰਾਂ ਨੂੰ ਵੀ ਇਸ ਗੱਲ ਲਈ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਸਮਾਰਟ ਫ਼ੋਨ ਰਾਹੀਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ।