ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਦੇ ਅਹੀਆਪੁਰ ਨਾਲ ਸਬੰਧਤ ਪੁਰੀ ਪਰਿਵਾਰ ਦੀ ਧੀ ਅਮਰੀਕਾ ’ਚ ਮਿਸ ਇੰਡੀਆ ਕੈਲੀਫੋਰਨੀਆ 2022 ਬਣੀ ਹੈ। 7 ਵਰ੍ਹੇ ਪਹਿਲਾਂ ਅਮਰੀਕਾ ਜਾ ਵੱਸੇ ਨੀਰਜ ਪੁਰੀ ਅਤੇ ਬਿੰਦੂ ਪੁਰੀ ਨੇ ਆਪਣੀ ਬੇਟੀ ਬਾਰੇ ਦੱਸਿਆ ਕਿ ਮਾਈ ਡਰੀਮ ਟੀ. ਵੀ. ਅਤੇ ਮਾਈ ਡਰੀਮ ਗਲੋਬਲ ਫਾਊਂਡੇਸ਼ਨ ਦੀ ਸੰਸਥਾਪਕ ਰਸ਼ਮੀ ਬੇਦੀ ਅਤੇ ਸਟੇਟ ਡਾਇਰੈਕਟਰ ਕੈਲੀਫੋਰਨੀਆ ਦਿਵਿਆ ਮੋਵਾਰ ਦੀ ਅਗਵਾਈ ਹੇਠ ਹੋਈ ਇਸ ਪ੍ਰਤੀਯੋਗਿਤਾ ’ਚ ਸੇਜਲ ਨੇ ਫਾਈਨਲ ’ਚ ਪਹੁੰਚਣ ਵਾਲੀਆਂ 22 ਪ੍ਰਤੀਯੋਗੀਆਂ ਨੂੰ ਹਰਾ ਕੇ ਤਾਜ ਦਾ ਖਿਤਾਬ ਜਿੱਤਿਆ।
ਉਸ ਨੇ ਦੱਸਿਆ ਕਿ ਸੇਜਲ ਦਸੂਹਾ ਦੇ ਕੈਂਬਰਿਜ ਸਕੂਲ ਵਿੱਚ ਛੇਵੀਂ ਤੱਕ ਪੜ੍ਹ ਕੇ ਆਪਣੇ ਭਰਾ ਹਾਰਦਿਕ ਨਾਲ ਅਮਰੀਕਾ ਆਈ ਸੀ 'ਤੇ ਹੁਣ ਉਹ ਦੰਦਾਂ ਦਾ ਡਾਕਟਰ ਬਣਨ ਦੀ ਪੜ੍ਹਾਈ ਕਰ ਰਹੀ ਹੈ। ਆਪਣੀ ਸਫਲਤਾ ਤੋਂ ਬਾਅਦ ਸੇਜਲ ਨੇ ਦੱਸਿਆ ਕਿ ਉਸ ਨੇ ਪੰਜਾਬੀ ਸਟਾਰ ਕਲਾਕਾਰ ਦਲਜੀਤ ਦੁਸਾਂਝ ਦੇ ਗੀਤਾਂ 'ਚ ਕੰਮ ਕੀਤਾ ਹੈ 'ਤੇ ਉਹ ਮਾਡਲਿੰਗ 'ਚ ਨਾਮ ਕਮਾਉਣ ਦੇ ਨਾਲ-ਨਾਲ ਬਾਲੀਵੁੱਡ 'ਚ ਕੰਮ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ 'ਚ ਰੁੱਝੀ ਹੋਈ ਹੈ ਅਤੇ ਇਸ ਸਫਲਤਾ ਤੋਂ ਬਾਅਦ ਉਸ 'ਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ।