ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਨੇ ਕਿਹਾ ਕਿ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਇਸ ਹਮਲੇ ਨੂੰ ਟ੍ਰੇਸ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਸਮੇਂ ਹਮਲਾ ਹੋਇਆ, ਉਸ ਸਮੇਂ ਦਫਤਰ ਵਿਚ ਕੋਈ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਤੇਜ਼ੀ ਨਾਲ ਜਾਂਚ ਚੱਲ ਰਹੀ ਹੈ, ਮਾਮਲੇ ਨੂੰ ਲੈ ਕੇ ਸਾਡੇ ਕੋਲ ਵੱਡੀ ਲੀਡ ਹੈ, ਜਲਦੀ ਹੀ ਸਾਰਾ ਕੁੱਝ ਸਾਫ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਸੀ ਕਿ ਇਸ ਹਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਇੰਟਲੀਜੈਂਸ ਵਿੰਗ 'ਤੇ ਪੁਲਿਸ ਦੇ ਅਫਸਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਮੁੱਖ ਮੰਤਰੀ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਕੁੱਝ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਅਜੇ ਹੋਰ ਵੀ ਹੋਣਗੀਆਂ। ਮਾਨ ਨੇ ਕਿਹਾ ਕਿ ਸ਼ਾਮ ਤੱਕ ਬਹੁਤ ਕੁੱਝ ਸਾਫ ਹੋ ਜਾਵੇਗਾ।
ਦੱਸ ਦਈਏ ਕਿ ਮੋਹਾਲੀ ਦੇ ਸੈਕਟਰ 77 ਸਥਿਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਸੰਚਾਲਿਤ ਗ੍ਰਨੇਡ ਹਮਲੇ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ 12 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।