ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕਵਾਡੋਰ ਦੀ ਇਕ ਜੇਲ੍ਹ 'ਚ ਵਿਰੋਧੀ ਗਰੋਹਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ 44 ਕੈਦੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਰੀਬ ਇੱਕ ਮਹੀਨਾ ਪਹਿਲਾਂ ਇੱਕ ਹੋਰ ਜੇਲ੍ਹ ਵਿਚ ਹੋਏ ਦੰਗੇ ਵਿੱਚ 20 ਲੋਕ ਮਾਰੇ ਗਏ ਸਨ। ਗ੍ਰਹਿ ਮੰਤਰੀ ਪੈਟ੍ਰੀਸਿਓ ਕੈਰੀਲੋ ਨੇ ਦੱਸਿਆ ਕਿ ਸੈਂਟੋ ਡੋਮਿੰਗੋ 'ਚ ਬੇਲਾਵਿਸਟਾ ਜੇਲ੍ਹ ਵਿਚ ਕੁਝ ਕੈਦੀ ਦੂਜੇ ਕੈਦੀਆਂ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਆਪਣੇ-ਆਪਣੇ ਸੈੱਲਾਂ ਤੋਂ ਬਾਹਰ ਆਏ ਸਨ।
ਜ਼ਿਆਦਾਤਰ ਲਾਸ਼ਾਂ 'ਤੇ ਚਾਕੂ ਦੇ ਜ਼ਖ਼ਮਾਂ ਦੇ ਨਿਸ਼ਾਨ ਹਨ।' ਉਨ੍ਹਾਂ ਨੇ ਦੱਸਿਆ ਕਿ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਣ ਵਿਚ ਮਦਦ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਲਾਤ ਕਾਬੂ ਕੀਤੇ ਜਾਣ ਤੋਂ ਬਾਅਦ ਜੇਲ੍ਹ ਵਿੱਚੋਂ ਬੰਦੂਕਾਂ, ਵਿਸਫੋਟਕ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਦੌਰਾਨ 220 ਕੈਦੀ ਫਰਾਰ ਹੋ ਗਏ, ਜਿਨ੍ਹਾਂ ਵਿੱਚੋਂ 112 ਨੂੰ ਮੁੜ ਕਾਬੂ ਕਰ ਲਿਆ ਗਿਆ ਹੈ।