ਨਿਊਜ਼ ਡੈਸਕ : ਸ੍ਰੀ ਮੁਕਤਸਰ ਸਾਹਿਬ ਵਿਖੇ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸੁੱਖਾ ਦੁਨੇਕੇ ਗੈਂਗ ਨਾਲ ਸਬੰਧਤ 02 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।ਜਾਣਕਾਰੀ ਅਨੁਸਾਰ ਪੁਲਸ ਟੀਮ ਪਿੰਡ ਜੰਡੋਕੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਡੋਹਕ ਤੇ ਹਰਪ੍ਰੀਤ ਸਿੰਘ ਉਰਫ ਹੈਰੀ ਉਰਫ ਗੱਲੀ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਰੁਪਾਣਾ ਜਿਨ੍ਹਾਂ ਕੋਲ ਨਜਾਇਜ਼ ਅਸਲਾ ਹੈ।
ਇਨ੍ਹਾਂ ਕੋਲ ਵਿਦੇਸ਼ੀ ਨੰਬਰ ਵੀ ਚੱਲਦੇ ਹਨ ਅਤੇ ਇਹ ਸੁੱਖਾ ਦੁਨੇਕੇ ਗਰੁੱਪ ਨਾਲ ਸਬੰਧ ਰੱਖਦੇ ਹਨ ਅਤੇ ਆਪਣੇ ਮੋਬਾਇਲ ਫੋਨ ਤੋਂ ਵਟਸਐਪ ਕਾਲ ਰਾਹੀਂ ਡਰਾ ਧਮਕਾ ਕੇ ਲੋਕਾਂ ਤੋਂ ਫਿਰੋਤੀਆਂ ਮੰਗਦੇ ਹਨ, ਜਿਸ ’ਤੇ ਪੁਲਸ ਟੀਮ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਪਾਸੋਂ ਇਕ 315 ਬੋਰ ਦਾ ਪਿਸਤੋਲ ਸਮੇਤ 03 ਜ਼ਿੰਦਾ ਕਾਰਤੂਸ ਅਤੇ 02 ਮੋਬਾਇਲ ਬਾਰਮਦ ਹੋਏ ਹਨ। ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਡੋਹਕ ਥਾਣਾ ਬਰੀਵਾਲਾ ’ਤੇ ਇਕ ਮੁਕੱਦਮੇ ਵਿਚ ਪਹਿਲਾਂ ਹੀ ਲੋੜੀਂਦਾ ਸੀ ਜੋ ਫਰਾਰ ਚੱਲ ਰਿਹਾ ਸੀ।