ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਲ੍ਹ ਰੂਪਨਗਰ ’ਚ ਕਤਲ ਦੇ ਮਾਮਲੇ ’ਚ ਬੰਦ ਇਕ ਹਵਾਲਾਤੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਜਿਸ ਨੂੰ ਲੈ ਕੇ ਉਸ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਮੌਤ ਦਾ ਕਾਰਨ ਪਤਾ ਲਗਾਉਣ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸੁਮਨ ਸ਼ਰਮਾ (25) ਪੁੱਤਰ ਅਰਵਿੰਦ ਕੁਮਾਰ ਵਾਸੀ ਖਰੜ ਜੋ ਪਿਛਲੇ ਕਰੀਬ 7 ਮਹੀਨਿਆਂ ਤੋਂ ਰੂਪਨਗਰ ਜੇਲ੍ਹ ’ਚ ਬੰਦ ਸੀ।
ਮੁੰਡੇ ਦੇ ਪਿਤਾ ਅਰਵਿੰਦ ਕੁਮਾਰ ਤੇ ਫੁੱਫੜ ਸੰਜੀਵ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸੁਮਨ ਸ਼ਰਮਾ ਨੂੰ ਗਲਤ ਮਾਮਲੇ ’ਚ ਫਸਾਇਆ ਗਿਆ ਸੀ, ਜੋ ਪਹਿਲਾਂ ਸੰਗਰੂਰ ਜੇਲ੍ਹ ’ਚ ਬੰਦ ਸੀ ਅਤੇ ਉਸ ਨੂੰ ਕਰੀਬ 7 ਮਹੀਨੇ ਪਹਿਲਾਂ ਰੂਪਨਗਰ ਜੇਲ੍ਹ ’ਚ ਲਿਆਂਦਾ ਗਿਆ।
ਜੇਲ੍ਹ ਦੇ ਸੁਪਰਡੈਂਟ ਪੁਲਿਸ ਕੁਲਵੰਤ ਸਿੰਘ ਨੇ ਦੱਸਿਆ ਕਿ ਸੁਮਨ ਸ਼ਰਮਾ ਦੀ ਤਬੀਅਤ ਬੀਤੇ ਦਿਨ ਤੋਂ ਖ਼ਰਾਬ ਸੀ, ਜਿਸ ਨੂੰ ਬੀਤੀ ਸ਼ਾਮ ਹਲਕਾ ਜੁਕਾਮ ਅਤੇ ਖਾਂਸੀ ਹੋਈ ਤੇ ਉਸ ਦੀ ਅਦਾਲਤ ’ਚ ਪੇਸ਼ੀ ਸੀ, ਜਦ ਉਸ ਨੂੰ ਜ਼ਿਲ੍ਹਾ ਜੇਲ੍ਹ ਤੋਂ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।