ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਦੀ ਆਈ 10ਵੀਂ ਚਿੱਠੀ ਨੇ ਹਨੀਪ੍ਰੀਤ ਦੇ ਗੁਰੂ ਗੱਦੀ ਸੰਭਾਲਣ ਦੀਆਂ ਚਰਚਾਵਾਂ ’ਤੇ ਵਿਰਾਮ ਲਾ ਦਿੱਤਾ। ਜੇਲ੍ਹ ’ਚੋਂ ਭੇਜੀ ਚਿੱਠੀ ’ਚ ਰਾਮ ਰਹੀਮ ਨੇ ਲਿਖਿਆ ਹੈ ਕਿ ਸੰਗਤ ਨੂੰ ਕਿਸੇ ਝਾਂਸੇ ’ਚ ਆਉਣ ਦੀ ਲੋੜ ਨਹੀ ਹੈ। ਪਰਮ ਪਿਤਾ ਨੇ ਮੈਨੂੰ ਤੁਹਾਡਾ ਗੁਰੂ ਬਣਾਇਆ ਹੈ, ਮੈਂ ਹੀ ਤੁਹਾਡਾ ਗੁਰੂ ਹਾਂ ਤੇ ਗੁਰੂ ਰਹਾਂਗਾ।ਵਚਨ ਸਿਰਫ ਗੁਰੂ ਦੇ ਹੁੰਦੇ ਹਨ, ਬਾਕੀ ਸਭ ਤਾਂ ਸਿਰਫ ਗੱਲਾਂ ਹੁੰਦੀਆਂ ਹਨ।
ਦੱਸਣਯੋਗ ਹੈ ਕਿ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਦੇ ਗੁਰੂ ਗੱਦੀ ’ਤੇ ਬੈਠਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਜਦਕਿ ਹਨੀਪ੍ਰੀਤ ਨੇ ਸੋਸ਼ਲ ਮੀਡੀਆ ’ਤੇ ਸਪੱਸ਼ਟ ਕੀਤਾ ਸੀ ਕਿ ਪਾਪਾ ਜੀ ਹੀ ਗੁਰੂ ਜੀ ਹਨ ਤੇ ਉਹ ਹੀ ਰਹਿਣਗੇ।
ਦੱਸ ਦੇਈਏ ਕਿ ਸਥਾਪਨਾ ਦਿਵਸ ਦੇ ਮੌਕੇ ’ਤੇ ਡੇਰੇ ’ਚ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ’ਚ ਰਾਮ ਰਹੀਮ ਦੀ ਆਈ ਚਿੱਠੀ ਨੂੰ ਪੜ੍ਹ ਕੇ ਸੰਗਤ ਨੂੰ ਸੁਣਾਇਆ ਗਿਆ। ਇਸ ਮੌਕੇ 29 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ, ਲੋੜਵੰਦਾਂ ਨੂੰ ਕੱਪੜੇ, ਪੰਛੀਆਂ ਲਈ 529 ਕਟੋਰੇ ਅਤੇ ਲੋੜਵੰਦ ਪਰਿਵਾਰਾਂ ਨੂੰ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ।