ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਛੋਟੇ ਤੋਂ ਵੱਡੇ ਹਰ ਵਪਾਰ ਅਤੇ ਹਰ ਕਾਰੋਬਾਰ ਦਾ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਹੈ। ਸਾਰਿਆਂ ਦੀ ਕੋਸ਼ਿਸ਼ ਦੀ ਇਹੀ ਭਾਵਨਾ ਤਾਂ ਅੰਮ੍ਰਿਤਕਾਲ 'ਚ ਨਵੇਂ ਭਾਰਤ ਦੀ ਤਾਕਤ ਬਣ ਰਹੀ ਹੈ। ਪੀ.ਐੱਮ. ਮੋਦੀ ਨੇ ਗੁਜਰਾਤ ਦੇ ਸੂਰਤ 'ਚ ਪਾਟੀਦਾਰ ਸਮਾਜ ਦੀ ਸੰਸਥਾ ਸਰਦਾਰਧਾਮ ਵਲੋਂ ਆਯੋਜਿਤ ਗਲੋਬਲ ਪਾਟੀਦਾਰ ਵਪਾਰ ਸੰਮੇਲਨ ਦਾ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਉਦਘਾਟਨ ਕੀਤਾ ਅਤੇ ਕਿਹਾ ਕਿ ਮੁਦਰਾ ਯੋਜਨਾ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਆਪਣਾ ਬਿਜ਼ਨੈੱਸ ਕਰਨ ਦਾ ਹੌਂਸਲਾ ਦੇ ਰਹੀ ਹੈ, ਜੋ ਕਦੇ ਇਸ ਬਾਰੇ ਸੋਚਦੇ ਵੀ ਨਹੀਂ ਸਨ।
ਉਨ੍ਹਾਂ ਕਿਹਾ,''ਹੁਣ ਦੇਖੋ ਕੋਰੋਨਾ ਕਾਲ ਦੀਆਂ ਚੁਣੌਤੀਆਂ ਦੇ ਬਾਵਜੂਦ ਦੇਸ਼ 'ਚ ਐੱਮ.ਐੱਸ.ਐੱਮ.ਈ. ਸੈਕਟਰ ਅੱਜ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਲੱਖਾਂ ਕਰੋੜ ਰੁਪਏ ਦੀ ਮਦਦ ਦੇ ਕੇ ਐੱਮ.ਐੱਸ.ਐੱਮ.ਈ. ਨਾਲ ਜੁੜੇ ਕਰੋੜਾਂ ਰੁਜ਼ਗਾਰ ਬਚਾਏ ਗਏ ਤੇ ਇਹ ਸੈਕਟਰ ਨਵੇਂ ਰੁਜ਼ਗਾਰ ਦਾ ਤੇਜ਼ੀ ਨਾਲ ਨਿਰਮਾਣ ਕਰ ਰਿਹਾ ਹੈ।