ਨਿਊਜ਼ ਦੇਖ (ਰਿੰਪੀ ਸ਼ਰਮਾ) : ਮੋਹਾਲੀ ਵਿਖੇ 27 ਸਾਲਾ ਕੁੜੀ ਨੇ ਮਰਦ ਦੋਸਤ ਨਾਲ ਲੜਾਈ ਤੋਂ ਬਾਅਦ ਮੋਹਾਲੀ ਦੇ ਸੈਕਟਰ-88 ਸਥਿਤ ਪ੍ਰੀਮੀਅਮ ਪੁਰਬ ਅਪਾਰਟਮੈਂਟਸ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੀੜਤਾ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਇਹ ਕਤਲ ਹੈ ਤੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਸਿਵਲ ਹਸਪਤਾਲ ਫੇਜ਼-6 ਵਿਚ ਧਰਨਾ ਦਿੱਤਾ। ਪੁਲਿਸ ਨੇ ਉਸਦੇ ਦੋਸਤ ਸੰਦੀਪ ਸਿੰਘ ਸੱਜਣ ’ਤੇ ਮਾਮਲਾ ਦਰਜ ਕਰ ਲਿਆ ਹੈ। ਸੰਦੀਪ ਫਿਲਹਾਲ ਫ਼ਰਾਰ ਹੈ।
ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪੀੜਤਾ, ਉਸ ਦਾ ਦੋਸਤ ਸੰਦੀਪ ਸਿੰਘ ਸੱਜਣ, ਇਕ ਹੋਰ ਸੰਦੀਪ ਸਿੰਘ ਤੇ ਸੰਦੀਪ ਕੌਰ ਸਮੇਤ ਚਾਰ ਵਿਅਕਤੀ ਪੁਰਬ ਅਪਾਰਟਮੈਂਟਸ ਦੇ ਇਕ ਫਲੈਟ ਵਿਚ ਰਹਿ ਰਹੇ ਸਨ। ਪੀੜਤਾ ਤੇ ਉਸਦੇ ਦੋਸਤ ਵਿਚ ਝਗੜਾ ਹੋਇਆ ਤੇ ਉਸਨੇ ਉਨ੍ਹਾਂ ਦੇ ਸਾਹਮਣੇ ਅਪਾਰਟਮੈਂਟ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਦੋਂ ਉਹ ਬਾਲਕੋਨੀ ਤੋਂ ਛਾਲ ਮਾਰ ਰਹੀ ਸੀ, ਤਾਂ ਉਨ੍ਹਾਂ ਨੇ ਉਸ ਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਹੇਠਾਂ ਡਿੱਗ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।