ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫ਼ੌਜ ਸ਼ਾਸਿਤ ਮਿਆਂਮਾਰ ਦੀ ਅਦਾਲਤ ਨੇ ਦੇਸ਼ ਦੀ ਸਾਬਕਾ ਨੇਤਾ ਆਂਗ ਸਾਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਦੋਸ਼ੀ ਠਹਿਰਾਉਂਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ। ਸੂ ਕੀ, ਜਿਸ ਨੂੰ ਪਿਛਲੇ ਸਾਲ ਫਰਵਰੀ 'ਚ ਇੱਕ ਫ਼ੌਜੀ ਤਖਤਾਪਲਟ ਤੋਂ ਬਾਅਦ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ, ਉਸਨੇ ਇੱਕ ਚੋਟੀ ਦੇ ਸਿਆਸੀ ਸਹਿਯੋਗੀ ਤੋਂ ਸੋਨਾ ਤੇ ਹਜ਼ਾਰਾਂ ਡਾਲਰ ਰਿਸ਼ਵਤ ਵਜੋਂ ਲਏ ਸਨ। ਇਸ ਅਪਰਾਧ ਤਹਿਤ ਵੱਧ ਤੋਂ ਵੱਧ 15 ਸਾਲ ਦੀ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਹੈ।
ਸੂ ਕੀ ਦੇ ਸਮਰਥਕਾਂ ਤੇ ਸੁਤੰਤਰ ਕਾਨੂੰਨੀ ਮਾਹਰਾਂ ਨੇ ਉਹਨਾਂ ਦੀ ਸਜ਼ਾ ਨੂੰ ਬੇਇਨਸਾਫ਼ੀ ਅਤੇ 76 ਸਾਲਾ ਸੂ ਕੀ ਨੂੰ ਰਾਜਨੀਤੀ ਤੋਂ ਹਟਾਉਣ ਦੇ ਉਦੇਸ਼ ਵਜੋਂ ਨਿੰਦਾ ਕੀਤੀ। ਉਹਨਾਂ ਨੂੰ ਹੋਰ ਮਾਮਲਿਆਂ ਵਿੱਚ ਪਹਿਲਾਂ ਹੀ ਛੇ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਸਮੇਂ ਉਹਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ 10 ਹੋਰ ਦੋਸ਼ ਲੱਗੇ ਹਨ। ਹੋਰ ਮਾਮਲਿਆਂ ਵਿੱਚ ਵੀ ਸੂ ਕੀ ਦੋਸ਼ੀ ਪਾਈ ਜਾਂਦੀ ਹੈ, ਤਾਂ ਉਹਨਾਂ ਨੂੰ ਕੁੱਲ 100 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।