ਨਿਊਜ਼ ਡੈਸਕ (ਰਿੰਪੀ ਸ਼ਰਮਾ) : ਔਰਤਾਂ ਸੁੰਦਰ ਦਿਸਣਾ ਚਾਹੁੰਦੀਆਂ ਹਨ ਤੇ ਸੁੰਦਰਤਾ ਦੀ ਤਾਰੀਫ਼ ਸੁਣਨਾ ਕਾਫ਼ੀ ਪਸੰਦ ਕਰਦੀਆਂ ਹਨ। ਇਸ ਲਈ ਉਹ ਮਹਿੰਗੇ ਫੇਸ ਪੈਕ, ਕਰੀਮਾਂ, ਬਿਊਟੀ ਸੈਲੂਨ ਜਾਣ ਸਮੇਤ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ ਪਰ ਜੇਬ ਢਿੱਲੀ ਹੋਣ ਦੇ ਬਾਵਜੂਦ ਇਕ ਤਾਂ ਉਨ੍ਹਾਂ ਨੂੰ ਪਸੰਦੀਦਾ ਨਤੀਜੇ ਨਹੀਂ ਮਿਲਦੇ ਤੇ ਕਈ ਵਾਰ ਸਾਈਡ ਇਫੈਕਟ ਕਾਰਨ ਚਿਹਰੇ 'ਤੇ ਝੁਰੜੀਆਂ, ਚਮੜੀ 'ਚ ਰੁੱਖਾਪਣ, ਐਲਰਜੀ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਫ਼ਾਇਦੇ ਦੀ ਬਜਾਏ ਨੁਕਸਾਨ ਝੱਲਣਾ ਪੈ ਜਾਂਦਾ ਹੈ।
ਫ਼ਲ ਤੇ ਇਨ੍ਹਾਂ ਤੋਂ ਤਿਆਰ ਫੇਸ ਪੈਕ ਆਦਿ ਜਿੱਥੇ ਪੂਰੀ ਤਰ੍ਹਾਂ ਕੁਦਰਤੀ ਹੁੰਦੇ ਹਨ, ਉੱਥੇ ਹੀ ਕੁਦਰਤੀ ਤਰੀਕੇ ਨਾਲ ਸੁੰਦਰਤਾ ਹਾਸਲ ਕਰਨ ਲਈ ਸਭ ਤੋਂ ਸਸਤੇ ਸਾਧਨ ਵੀ ਮੰਨੇ ਜਾਂਦੇ ਹਨ। ਮੌਸਮੀ ਫ਼ਲਾਂ ਦੀ ਵਰਤੋਂ ਵਿਗਿਆਨਕ ਪ੍ਰਕਿਰਿਆ ਮੰਨੀ ਜਾਂਦੀ ਹੈ, ਜਿਸ ਨਾਲ ਤੁਹਾਡੀ ਚਮੜੀ ਸੁੰਦਰ ਤੇ ਸਿਹਤਮੰਦ ਬਣ ਸਕਦੀ ਹੈ।
ਸੁੰਦਰਤਾ ਲਈ ਔਰਤਾਂ ਦਿਨ-ਰਾਤ ਮਿਹਨਤ, ਯਤਨ ਤੇ ਉਪਾਅ ਕਰਦੀਆਂ ਰਹਿੰਦੀਆਂ ਹਨ। ਹਾਲਾਂਕਿ ਇਨ੍ਹਾਂ ਉਪਾਆਂ ਨਾਲ ਉਨ੍ਹਾਂ ਨੂੰ ਲਾਭ ਵੀ ਮਿਲਦਾ ਹੈ ਪਰ ਇਨ੍ਹਾਂ ਉਪਾਆਂ ਤੋਂ ਇਲਾਵਾ ਉਹ ਆਪਣੇ ਖਾਣ-ਪੀਣ ਤੇ ਰੁਟੀਨ 'ਚ ਤਬਦੀਲੀ ਕਰ ਲੈਣ ਤਾਂ ਉਨ੍ਹਾਂ ਨੂੰ ਕਿਤੇ ਬਿਹਤਰ ਨਤੀਜੇ ਮਿਲਣਗੇ।
ਅੰਬ ਲਿਆਵੇਗਾ ਤਾਜ਼ਗੀ- ਅੰਬ ਨੂੰ ਫ਼ਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਵਿਟਾਮਿਨ ਏ, ਸੀ, ਈ ਤੇ ਕੇ ਤੋਂ ਇਲਾਵਾ ਖਣਿਜ, ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ 'ਚ ਬਾਇਓਫਲੇਵੋਨੋਡਜ਼ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਦੇ ਮੂਲ ਢਾਂਚੇ ਨੂੰ ਪਹੁੰਚੇ ਨੁਕਸਾਨ ਨੂੰ ਵਾਪਸ ਲਿਆਉਂਦੇ ਹਨ। ਵਿਟਾਮਿਨ ਏ ਤੇ ਸੀ ਨਾਲ ਭਰਪੂਰ ਹੋਣ ਕਾਰਨ ਅੰਬ ਚਮੜੀ 'ਚ ਤਾਜ਼ਗੀ ਤੇ ਗੋਰਾਪਣ ਲਿਆਉਣ 'ਚ ਮਦਦ ਕਰਦੇ ਹਨ। ਇਹ ਚਮੜੀ 'ਚ ਝੁਰੜੀਆਂ ਤੇ ਬੁਢਾਪੇ ਨੂੰ ਰੋਕਣ 'ਚ ਵੀ ਮਦਦ ਕਰਦੇ ਹਨ।
ਨਿੰਬੂ ਲਿਆਵੇਗਾ ਰੰਗਤ 'ਚ ਨਿਖਾਰ- ਨਿੰਬੂ ਵਿਟਾਮਿਨ ਸੀ ਤੇ ਖਣਿਜਾਂ ਦਾ ਸ੍ਰੋਤ ਮੰਨਿਆ ਜਾਂਦਾ ਹੈ। ਇਸ ਨੂੰ ਪਾਣੀ ਮਿਲਾ ਕੇ ਹੀ ਵਰਤੋਂ 'ਚ ਲਿਆਉਣਾ ਚਾਹੀਦਾ ਹੈ ਨਹੀਂ ਤਾਂ ਇਸ ਨਾਲ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਦੇ ਗਾੜ੍ਹੇ ਘੋਲ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਾਲਾਂਕਿ ਗੋਡਿਆਂ ਤੇ ਕੂਹਣੀਆਂ 'ਚ ਨਿੰਬੂ ਦੇ ਛਿਲਕਿਆਂ ਨੂੰ ਸਿੱਧਾ ਰਗੜ ਕੇ ਬਾਅਦ 'ਚ ਪਾਣੀ ਨਾਲ ਧੋਇਆ ਜਾ ਸਕਦਾ ਹੈ।
ਖੁਰਦਰੇ ਹੱਥਾਂ ਲਈ ਨਿੰਬੂ ਜੂਸ ਤੇ ਦਾਣੇਦਾਰ ਖੰਡ ਦੇ ਮਿਸ਼ਰਣ ਨੂੰ ਹੱਥਾਂ 'ਤੇ ਉਦੋਂ ਤਕ ਮਲੋ ਜਦੋਂ ਤਕ ਖੰਡ ਪੂਰੀ ਤਰ੍ਹਾਂ ਘੁਲ ਨਾ ਜਾਵੇ। ਥੋੜ੍ਹੀ ਦੇਰ ਬਾਅਦ ਹੱਥਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਵੋ। ਇਸ ਮਿਸ਼ਰਣ ਦੀ ਲਗਾਤਾਰ ਵਰਤੋਂ ਨਾਲ ਹੱਥਾਂ ਦੀ ਚਮੜੀ ਮੁਲਾਇਮ ਹੁੰਦੀ ਹੈ ਤੇ ਚਮੜੀ 'ਚ ਨਿਖਾਰ ਆਉਂਦਾ ਹੈ।