ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਸਬਾ ਰਾਜਾਸਾਂਸੀ ਨਜ਼ਦੀਕ ਪੈਂਦੇ ਪਿੰਡ ਅਦਲੀਵਾਲਾ ’ਚ ਮੁੰਡਾ ਪੈਦਾ ਨਾ ਹੋਣ ’ਤੇ ਇਕ ਦੋ ਸਾਲ ਦੀ ਬੱਚੀ ਦੀ ਮਾਂ ਨੂੰ ਸਹੁਰਾ ਪਰਿਵਾਰ ਵੱਲੋਂ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਗਰਭਵਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 3 ਸਾਲ ਪਹਿਲਾਂ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅਦਲੀਵਾਲ ਨਾਲ ਹੋਇਆ ਸੀ। ਵਿਆਹ ਦੌਰਾਨ ਮੇਰੇ ਮਾਤਾ-ਪਿਤਾ ਵੱਲੋਂ ਹੈਸੀਅਤ ਤੋਂ ਵੱਧ ਕੇ ਸਾਮਾਨ ਵੀ ਦਿੱਤਾ ਸੀ, ਜਿਸ ਦੇ ਬਾਵਜੂਦ ਉਸ ਦੇ ਪਤੀ ਵੱਲੋਂ ਉਸ ਦੀ ਰੋਜ਼ ਕੁੱਟਮਾਰ ਕੀਤੀ ਜਾਂਦੀ ਸੀ।
ਉਸ ਨੇ ਕਿਹਾ ਕਿ ਇਸ ਉਪਰੰਤ ਮੇਰੇ ਘਰ ਇਕ ਕੁੜੀ ਪੈਦਾ ਹੋਈ, ਜਿਸ ਦੀ ਉਮਰ 2 ਸਾਲ ਹੈ। ਮੈਂ ਹੁਣ ਵੀ ਗਰਭਵਤੀ ਹਾਂ ਪਰ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਤੈਨੂੰ ਪਹਿਲਾਂ ਵੀ ਅਸੀਂ ਮੁੰਡਾ ਹੋਣ ਦੀ ਦਵਾਈ ਖਵਾਈ ਸੀ ਪਰ ਤੂੰ ਕੁੜੀ ਨੂੰ ਜਨਮ ਦਿੱਤਾ ਹੈ। ਹੁਣ ਵੀ ਤੇਰੇ ਘਰ ਕੁੜੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਸਹੁਰੇ ਪਰਿਵਾਰ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।