ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਪਾ ਮੰਡੀ ਵਿਖੇ ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਮੈਂਬਰਾਂ ਵੱਲੋਂ ਪਾਵਰਕਾਮ ਦਫਤਰ ਵਿਖੇ ਪੁੱਜ ਕੇ ਪਿੰਡ ’ਚ ਖੇਤੀ ਮੋਟਰਾਂ ਨੂੰ ਬਿਜਲੀ ਨਾ ਮਿਲਣ ਕਾਰਨ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਦਰਾਜ-ਦਰਾਕਾ ਫੀਡਰ ’ਤੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਵੱਲੋਂ ਖੇਤੀ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਗਰਮੀ ਰੁੱਤੇ ਵੱਖ-ਵੱਖ ਫ਼ਸਲਾਂ ਨੂੰ ਪਾਣੀ ਨਾ ਮਿਲਣ ਕਾਰਨ ਸਬਜ਼ੀਆਂ, ਮੱਕੀ ਅਤੇ ਜਬਾਰ ਸਮੇਤ ਹੋਰ ਫ਼ਸਲਾਂ ਵੀ ਗਰਮੀ ਕਾਰਨ ਪਾਣੀ ਤੋਂ ਬਿਨ੍ਹਾਂ ਸੁੱਕ ਕੇ ਤਬਾਹ ਹੋ ਰਹੀਆਂ ਹਨ ਪਰ ਬਿਜਲੀ ਬੋਰਡ ਵੱਲੋਂ ਖੇਤਾਂ ਵਿਚ ਸਿਰਫ਼ ਇਕ ਘੰਟਾ ਹੀ ਬਿਜਲੀ ਦੇ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ ਜਿਸ ਨਾਲ ਸਿਰਫ਼ ਖਾਲ ਵੀ ਨਹੀਂ ਭਰਦੇ।
ਉਨ੍ਹਾਂ ਕਿਹਾ ਕਿ ਲੰਬੇ-ਲੰਬੇ ਪਾਵਰ ਕੱਟਾਂ ਨਾਲ ਫਸਲਾਂ ਖਰਾਬ ਹੋਈਆਂ ਹਨ, ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਬੋਰਡ ਤੋਂ ਮੰਗ ਕਰਦੇ ਕਿਹਾ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਰੋਜ਼ਾਨਾ ਮੋਟਰਾਂ ਵਾਲੀ ਬਿਜਲੀ 5 ਘੰਟੇ ਦਿੱਤੀ ਜਾਵੇ, ਜਿਸ ਨਾਲ ਆਪਣੀਆਂ ਕੀਮਤੀ ਫ਼ਸਲਾਂ ਨੂੰ ਬਚਾਉਣ ਲਈ ਉਪਰਾਲਾ ਕੀਤਾ, ਝੋਨੇ ਦੇ ਸੀਜ਼ਨ ਵਿਚ ਹੋਰ ਵੀ ਵੱਧ ਬਿਜਲੀ ਦੀ ਲੋੜ ਹੋਵੇਗੀ।
ਬਿਜਲੀ ਬੋਰਡ ਦੇ ਐੱਸ. ਡੀ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਨੂੰ ਦੇਖਦੇ ਹੋਏ ਬਿਜਲੀ ਕੱਟ ਲਾਏ ਜਾ ਰਹੇ ਸਨ ਤਾਂ ਜੋ ਕੋਈ ਅੱਗ ਲੱਗਣ ਵਰਗੀ ਘਟਨਾ ਨਾ ਵਾਪਰ ਸਕੇ। ਸਰਕਾਰੀ ਹਦਾਇਤਾਂ ਤਹਿਤ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।