ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਈ ਲੋਕਾਂ ਨੂੰ ਸਫ਼ਰ ਕਰਨ ਦੌਰਾਨ ਸਿਰਦਰਦ, ਉਲਟੀਆਂ, ਉਬਾਕ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਉਹ ਸਫ਼ਰ ਦਾ ਆਨੰਦ ਨਹੀਂ ਲੈ ਸਕਦੇ ਅਤੇ ਪੂਰਾ ਸਮਾਂ ਅਪਣੀ ਤਬੀਅਤ ਦੀ ਵਜ੍ਹਾ ਨਾਲ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਵੀ ਇਸ ਮੁਸ਼ਕਲ ਤੋਂ ਗੁਜ਼ਰ ਰਹੇ ਹੋ ਤਾਂ ਇਹ ਨੁਸਖ਼ੇ ਤੁਹਾਡੇ ਲਈ ਮਦਦਗਾਰ ਹੋ ਸਕਦੇ ਹਨ। ਸਫ਼ਰ ਕਰਨ ਤੋਂ ਪਹਿਲਾਂ ਅਦਰਕ ਦੀ ਟਾਫ਼ੀ ਤੁਸੀਂ ਚਬਾ ਸਕਦੇ ਹੋ।
ਸਫ਼ਰ ਦੌਰਾਨ ਜੀਅ ਮਚਲਾਉਣ ’ਤੇ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਆਵੇਗੀ। ਜੇਕਰ ਹੋ ਸਕੇ ਤਾਂ ਅਦਰਕ ਅਪਣੇ ਨਾਲ ਹੀ ਰੱਖੋ। ਜੇਕਰ ਬੇਚੈਨੀ ਹੈ ਤਾਂ ਇਸ ਨੂੰ ਥੋੜ੍ਹਾ-ਥੋੜ੍ਹਾ ਖਾਂਦੇ ਰਹੋ। ਸਫ਼ਰ ਵਿਚ ਹੋਣ ਵਾਲੀਆਂ ਉਲਟੀਆਂ ਤੋਂ ਬਚਣ ਲਈ ਸਫ਼ਰ ’ਤੇ ਜਾਣ ਤੋਂ ਅੱਧੇ ਘੰਟੇ ਪਹਿਲਾਂ 1 ਚਮਚ ਪਿਆਜ਼ ਦੇ ਰਸ ’ਚ 1 ਚਮਚ ਅਦਰਕ ਦੇ ਰਸ ਨੂੰ ਮਿਲਾ ਕੇ ਲੈਣਾ ਚਾਹੀਦਾ ਹੈ।
ਸਫ਼ਰ ਦੌਰਾਨ ਜਿਵੇਂ ਹੀ ਤੁਹਾਨੂੰ ਲੱਗੇ ਕਿ ਜੀਅ ਮਚਲਾਉਣ ਲੱਗਾ ਹੈ ਤਾਂ ਤੁਹਾਨੂੰ ਤੁਰਤ ਹੀ ਅਪਣੇ ਮੂੰਹ ਵਿਚ ਲੌਂਗ ਰੱਖ ਕੇ ਚੂਸਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਜੀਅ ਮਚਲਾਉਣਾ ਬੰਦ ਹੋ ਜਾਵੇਗਾ। ਪੁਦੀਨਾ ਢਿੱਡ ਦੇ ਪੱਠਿਆਂ ਨੂੰ ਆਰਾਮ ਦਿੰਦਾ ਹੈ ਅਤੇ ਇਸ ਤਰ੍ਹਾਂ ਚੱਕਰ ਆਉਣ ਅਤੇ ਯਾਤਰਾ ਦੌਰਾਨ ਤਬੀਅਤ ਖ਼ਰਾਬ ਲੱਗਣ ਦੀ ਹਾਲਤ ਨੂੰ ਵੀ ਖ਼ਤਮ ਕਰਦਾ ਹੈ।
ਪੁਦੀਨੇ ਦਾ ਤੇਲ ਵੀ ਉਲਟੀਆਂ ਨੂੰ ਰੋਕਣ ਵਿਚ ਬੇਹਦ ਮਦਦਗਾਰ ਹੈ। ਇਸ ਲਈ ਰੁਮਾਲ ’ਤੇ ਪੁਦੀਨੇ ਦੇ ਤੇਲ ਦੀਆਂ ਕੁੱਝ ਬੂੰਦਾਂ ਛਿੜਕੋ ਅਤੇ ਸਫ਼ਰ ਦੌਰਾਨ ਉਸ ਨੂੰ ਸੂੰਘਦੇ ਰਹੋ। ਸੁੱਕੇ ਪੁਦੀਨੇ ਦੀਆਂ ਪੱਤੀਆਂ ਨੂੰ ਗਰਮ ਪਾਣੀ ਵਿਚ ਮਿਲਾ ਕੇ ਅਪਣੇ ਆਪ ਲਈ ਪੁਦੀਨੇ ਦੀ ਚਾਹ ਬਣਾਉ।