ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਹਨੂੰਮਾਨ ਜੈਅੰਤੀ ਮੌਕੇ ਸਜਾਈ ਗਈ ਸ਼ੋਭਾ ਯਾਤਰਾ 'ਤੇ ਪਥਰਾਓ ਪਿੱਛੋਂ ਹਿੰਸਾ ਭੜਕ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਛੇ ਵਜੇ ਦੇ ਕਰੀਬ ਵਾਪਰੀ ਹੈ। ਇਸ ਘਟਨਾ ਵਿੱਚ 5-6 ਪੁਲਿਸ ਮੁਲਾਜ਼ਮ ਤੇ ਕਈ ਆਮ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਭੀੜ ਨੇ ਕੁਝ ਵਾਹਨਾਂ ਨੂੰ ਅੱਗ ਵੀ ਲਾ ਦਿੱਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਇੱਕ ਰਵਾਇਤੀ ਸ਼ੋਭਾ ਯਾਤਰਾ ਸੀ ਅਤੇ ਸੁਰੱਖਿਆ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਪਰ ਜਿਵੇਂ ਹੀ ਇਹ ਜਲੂਸ ਕੁਸ਼ਲ ਸਿਨੇਮਾ ਹਾਲ ਦੇ ਨੇੜੇ ਪਹੁੰਚਿਆ ਤਾਂ ਦੋਨਾਂ ਭਾਈਚਾਰਿਆਂ ਵਿੱਚ ਝੜਪ ਹੋ ਗਈ। ਮੌਕੇ ਉਤੇ ਮੌਜੂਦ ਪੁਲਿਸ ਕਰਮਚਾਰੀ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਏ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਦੀਪੇਂਦਰ ਪਾਠਕ ਨਾਲ ਗੱਲ ਕੀਤੀ ਹੈ। ਉਨ੍ਹਾਂ ਹਿੰਸਾ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੌਮੀ ਰਾਜਧਾਨੀ 'ਚ ਅਮਨ ਕਾਇਮ ਰੱਖਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, 'ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਅਮਨ ਤੇ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ।