ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਮੁੱਖ ਮੰਤਰੀ ਨੇ ਬਿਜਲੀ ਨਿਗਮ ਵਿਚ ਭਰਤੀ 718 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਕੀਤਾ। ਗਰੀਬ ਤੋਂ ਲੈ ਕੇ ਅਮੀਰ ਪਰਿਵਾਰਾਂ ਨੂੰ ਦੋ ਮਹੀਨੇ ਵਿਚ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। ਜਿਸ ਪਰਿਵਾਰ ਦਾ ਬਿੱਲ 2 ਮਹੀਨੇ ਵਿਚ 600 ਯੂਨਿਟ ਤੋਂ ਵੱਧ ਆਵੇਗਾ, ਉਸ ਨੂੰ ਪੂਰਾ ਬਿਲ ਦੇਣਾ ਪਵੇਗਾ।
ਹਾਲਾਂਕਿ ਪਹਿਲਾਂ ਤੋਂ 200 ਯੂਨਿਟ ਛੋਟ ਲੈ ਕੇ ਰਹੇ ਐੱਸ. ਸੀ., ਬੀ. ਸੀ. ਅਤੇ ਗਰੀਬੀ ਰੇਖਾ ਤੋਂ ਹੇਠਾਂ ਬੀ. ਪੀ. ਐੱਲ. ਪਰਿਵਾਰਾਂ ਨੂੰ ਹੁਣ ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਮਿਲੇਗੀ। ਉਸ ਦੇ ਉਪਰ ਉਹ ਜਿੰਨੀ ਵੀ ਬਿਜਲੀ ਖਰਚ ਕਰਨਗੇ, ਉਨ੍ਹਾਂ ਨੂੰ ਸਿਰਫ ਉਸ ਦਾ ਹੀ ਬਿੱਲ ਦੇਣਾ ਪਵੇਗਾ। ਮਤਲਬ ਉਨ੍ਹਾਂ ਨੂੰ ਪੂਰਾ ਬਿੱਲ ਨਹੀਂ ਭਰਨਾ ਪਵੇਗਾ। ਮਾਨ ਨੇ ਕਿਹਾ ਕਿ ਕਿਸੇ ਵੀ ਸਰਕਾਰ ਕੋਲ ਪੈਸਿਆਂ ਦੀ ਕਮੀ ਨਹੀਂ ਹੁੰਦੀ ਸਿਰਫ ਨੀਅਤ ਸਾਫ ਹੋਣੀ ਚਾਹੀਦੀ ਹੈ।