ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਘੱਟੋ-ਘੱਟ ਸਮਰਥਨ ਮੁੱਲ ਮਾਮਲੇ ’ਤੇ ਗੌਰ ਕਰਨ ਲਈ ਕਮੇਟੀ ਦੇ ਗਠਨ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਮੈਂਬਰਾਂ ਦੇ ਨਾਂ ਦੀ ਅਸੀਂ ਉਡੀਕ ਕਰ ਰਹੇ ਹਾਂ। ਤੋਮਰ ਨੇ ਇਕ ਪ੍ਰੋਗਰਾਮ ਮੌਕੇ ਕਿਹਾ, ‘‘ਅਸੀਂ ਐੱਮ. ਐੱਸ. ਪੀ. ’ਤੇ ਕਮੇਟੀ ਦੇ ਗਠਨ ਲਈ ਕਿਸਾਨ ਜਥੇਬੰਦੀਆਂ ਤੋਂ 2-3 ਮੈਂਬਰਾਂ ਦੇ ਨਾਂ ਮੰਗੇ ਸਨ। ਸਾਨੂੰ ਅਜੇ ਤੱਕ ਕੋਈ ਨਾਂ ਨਹੀਂ ਮਿਲਿਆ।’’
ਐੱਮ. ਐੱਸ. ਪੀ. ’ਤੇ ਕਮੇਟੀ ਦੇ ਗਠਨ ਨੂੰ ਲੈ ਕੇ ਪਿਛਲੇ ਮਹੀਨੇ ਤੋਮਰ ਨੇ ਲੋਕ ਸਭਾ ’ਚ ਵੀ ਇਕ ਲਿਖਤੀ ਜਵਾਬ ’ਚ ਕਿਹਾ ਸੀ ਕਿ ਸਰਕਾਰ ਇਕ ਕਮੇਟੀ ਬਣਾਉਣ ਦੀ ਪ੍ਰਕਿਰਿਆ ’ਚ ਹੈ। ਇਸ ਕਮੇਟੀ ’ਚ ਕੇਂਦਰ ਸਰਕਾਰ, ਸੂਬਾ ਸਰਕਾਰਾਂ, ਕਿਸਾਨਾਂ, ਖੇਤੀਬਾੜੀ ਵਿਗਿਆਨਕਾਂ ਅਤੇ ਖੇਤੀ ਅਰਥਸ਼ਾਸਤਰੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ’ਚ 3 ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਐੱਮ. ਐੱਸ. ਪੀ. ਸਿਸਟਮ ਨੂੰ ਹੋਰ ਵਧੇਰੇ ਪ੍ਰਭਾਵੀ ਅਤੇ ਪਾਰਦਰਸ਼ੀ ਬਣਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।