ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆ ਭਰ ’ਚ ਆਟੋ ਸੈਕਟਰ ’ਚ ਆ ਰਹੇ ਜ਼ਬਰਦਸਤ ਬਦਲਾਅ ਦਰਮਿਆਨ ਇਲੈਕਟ੍ਰਾਨਿਕ ਵ੍ਹੀਕਲਸ ’ਚ ਇਸਤੇਮਾਲ ਹੋਣ ਵਾਲੀਆਂ ਬੈਟਰੀਆਂ ਦੇ ਪ੍ਰਮੁੱਖ ਕੱਚੇ ਮਾਲ ਲਿਥੀਅਮ ’ਤੇ ਦਬਦਬੇ ਨੂੰ ਲੈ ਕੇ ਗਲੋਬਲ ਪੱਧਰ ’ਤੇ ਜੰਗ ਸ਼ੁਰੂ ਹੁੰਦੀ ਜਾ ਰਹੀ ਹੈ। ਦੁਨੀਆ ਦੀ ਪ੍ਰਮੁੱਖ ਇਲੈਕਟ੍ਰਾਨਿਕ ਵ੍ਹੀਕਲ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਲਿਥੀਅਮ ਦੀਆਂ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਲਿਥੀਅਮ ਦੀਆਂ ਕੀਮਤਾਂ ਬਰਦਾਸ਼ਤ ਤੋਂ ਬਾਹਰ ਜਾ ਰਹੀਆਂ ਹਨ।
ਦਰਅਸਲ ਦੁਨੀਆ ’ਚ ਲਿਥੀਅਮ ਦੇ ਸਭ ਤੋਂ ਜ਼ਿਆਦਾ ਰਿਜ਼ਰਵ ਚਿਲੀ ਕੋਲ ਹਨ ਅਤੇ ਚਿਲੀ ਦੇ ਖਜ਼ਾਨਿਆਂ ’ਚੋਂ 92 ਲੱਖ ਟਨ ਲਿਥੀਅਮ ਮੁਹੱਈਆ ਹੈ ਅਤੇ ਇਹ ਦੁਨੀਆ ਦੇ ਕੁੱਲ ਲਿਥੀਅਮ ਭੰਡਾਰ ਦਾ 48.5 ਫੀਸਦੀ ਹੈ। ਇਸ ਤੋਂ ਬਾਅਦ ਆਸਟ੍ਰੇਲੀਆ ਕੋਲ 47 ਲੱਖ ਟਨ ਦਾ ਲਿਥੀਅਮ ਭੰਡਾਰ ਹੈ ਅਤੇ ਇਹ ਕੁੱਲ ਦੁਨੀਆ ਦੇ ਲਿਥੀਅਮ ਦਾ 24.8 ਫੀਸਦੀ ਹੈ। ਇਸ ਮਾਮਲੇ ’ਚ ਤੀਜਾ ਨੰਬਰ ਅਰਜਨਟੀਨਾ ਦਾ ਹੈ ਅਤੇ ਇਸ ਕੋਲ 19 ਲੱਖ ਟਨ ਦਾ ਲਿਥਿਅਮ ਭੰਡਾਰ ਹੈ।
ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਭਾਰਤ ਦੇ ਮਾਈਨਿੰਗ ਮੰਤਰਾਲਾ ਨੇ ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮ., ਹਿੰਦੁਸਤਾਨ ਕਾਪਰ ਲਿਮ. ਅਤੇ ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮ. ਨਾਲ ਮਿਲ ਕੇ ਖਣਿਜ ਬਿਦੇਸ਼ ਇੰਡੀਆ ਲਿਮ. ਦੀ ਸਥਾਪਨਾ ਕੀਤੀ ਹੈ ਅਤੇ ਇਹ ਤਿੰਨੇ ਕੰਪਨੀਆਂ ਵਿਦੇਸ਼ੀ ਸਹਿਯੋਗ ਨਾਲ ਭਾਰਤ ’ਚ ਲਿਥੀਅਮ ਦੀ ਉਪਲਬਧਤਾ ਦੀ ਖੋਜ ਕਰ ਰਹੀਆਂ ਹਨ। ਭਾਰਤ ਚ 14100 ਟਨ ਲਿਥੀਅਮ ਦੇ ਭੰਡਾਰ ਹੋਣ ਦਾ ਪਤਾ ਲੱਗਾ ਹੈ ਅਤੇ ਇਸ ’ਚੋਂ 1600 ਟਨ ਲਿਥੀਅਮ ਦੀ ਖੋਜ ਕੀਤੀ ਗਈ ਹੈ।
ਭਾਰਤ ’ਚ ਅਗਲੇ ਪੰਜ ਸਾਲਾਂ ਦੌਰਾਨ ਈ. ਵੀ. ਸੈਕਟਰ ’ਚ 96000 ਕਰੋੜ ਰੁਪਏ ਦਾ ਨਿਵੇਸ਼ ਆਏਗਾ, ਜਿਸ ’ਚ ਸਭ ਤੋਂ ਵੱਧ 34 ਫੀਸਦੀ ਨਿਵੇਸ਼ ਤਾਮਿਲਨਾਡੂ ’ਚ 12 ਫੀਸਦੀ ਆਂਧਰਾ ’ਚ ਅਤੇ 9 ਫੀਸਦੀ ਨਿਵੇਸ਼ ਹਰਿਆਣਾ ’ਚ ਹੋਣ ਦੀ ਗੱਲ ਕਹੀ ਜਾ ਰਹੀ ਹੈ।