ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰੀ ਸੂਚਨਾ ਪ੍ਰਸ਼ਾਸਨ ਅਤੇ ਯੁਵਾ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਸੌਗਾਤਾਂ ਦਿੱਤੀਆਂ ਹਨ ਅਤੇ ਸੂਬੇ ਵਿਚ ਸੜਕਾਂ, ਪਾਣੀ, ਸਿਹਤ, ਬਿਜਲੀ ਅਤੇ ਸੈਰ-ਸਪਾਟਾ ਸਮੇਤ ਹੋਰਨਾਂ ਵਿਚ ਵਿਕਾਸ ਤੇਜ਼ ਰਫਤਾਰ ਨਾਲ ਵਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਆਸ਼ੀਰਵਾਦ ਨਾਲ ਦੇਸ਼ ਦੇ 4 ਸੂਬਿਆਂ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਹਿਮਾਚਲ ਅਤੇ ਗੁਜਰਾਤ ਵਿਚ ਵੀ ਭਾਜਪਾ ਮੁੜ ਆਪਣੀਆਂ ਸਰਕਾਰਾਂ ਬਣਾਏਗੀ।
ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਸ਼ਰੀਵਾਦ ਨਾਲ ਹਿਮਾਚਲ ਵਿਚ ਭਾਜਪਾ ਅੱਗੇ ਵਧੀ ਹੈ।ਭਵਿੱਖ ਵਿਚ ਵੀ ਉਨ੍ਹਾਂ ਦੇ ਆਸ਼ੀਰਵਾਦ ਨਾਲ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸੁਜਾਨਪੁਰ ਵਿਚ 40 ਕਰੋੜ ਰੁਪਏ ਦੇ ਨੀਂਹ ਪੱਥਰ ਅਤੇ ਉਦਘਾਟਨ ਕੀਤੇ ਗਏ।
ਉਨ੍ਹਾਂ ਆਪ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਆਪ ਪਾਰਟੀ ਭਰਮ ਫੈਲਾਉਣ ਦਾ ਕੰਮ ਕਰਦੀ ਹੈ। ਇਹੀ ਕਾਰਨ ਹੈ ਕਿ ਜੋ ਲੋਕ ਉਨ੍ਹਾਂ ਦੀ ਪਾਰਟੀ ਨੂੰ ਛੱਡ ਕੇ ਜਾਂਦੇ ਹਨ, ਉਨ੍ਹਾਂ ਆਪ ਪਾਰਟੀ ਦੇ ਨੇਤਾ ਦਾਗੀ ਕਰਾਰ ਦੇ ਦਿੰਦੇ ਹਨ ਪਰ ਜਦੋਂ ਉਹ ਉਨ੍ਹਾਂ ਦੀ ਪਾਰਟੀ ਵਿਚ ਰਹਿੰਦੇ ਹਨ ਤਾਂ ਸਾਫ ਸੁੰਦਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜੇ ਤਾਂ ਆਪ ਪਾਰਟੀ ਨੂੰ ਛੱਡਣ ਵਾਲਿਆਂ ਦੀ ਸ਼ੁਰੂਆਤ ਹੋਈ ਹੈ, ਆਉਣ ਵਾਲੇ ਦਿਨਾਂ ਵਿਚ ਆਪ ਪਾਰਟੀ ਨੂੰ ਛੱਡਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗਣਗੀਆਂ।