ਨਿਊਜ਼ ਡੈਸਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਐਤਵਾਰ ਤੜਕੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਦਨ ਦੀ ਅਗਲੀ ਬੈਠਕ 11 ਅਪ੍ਰੈਲ (ਸੋਮਵਾਰ) ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਨੈਸ਼ਨਲ ਅਸੈਂਬਲੀ ਦੇ ਇਸ ਅਹਿਮ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ PMLN ਦੇ ਅਯਾਜ਼ ਸਾਦਿਕ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਐਤਵਾਰ ਦੁਪਹਿਰ 2 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਪੜਤਾਲ ਦੁਪਹਿਰ 3 ਵਜੇ ਤੱਕ ਹੋਵੇਗੀ।
ਸਾਦਿਕ ਨੇ ਸੋਮਵਾਰ ਨੂੰ ਸਵੇਰੇ 11 ਵਜੇ ਇਕ ਵਾਰ ਫਿਰ ਨੈਸ਼ਨਲ ਅਸੈਂਬਲੀ ਦੀ ਬੈਠਕ ਬੁਲਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ। ਹਾਲਾਂਕਿ ਬਾਅਦ ਵਿੱਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਦੱਸਿਆ ਕਿ ਸਦਨ ਦੀ ਬੈਠਕ ਦੁਪਹਿਰ 2 ਵਜੇ ਹੋਵੇਗੀ। ਹੇਠਲੇ ਸਦਨ ਨੇ ਟਵੀਟ ਕੀਤਾ ਕਿ ਨੈਸ਼ਨਲ ਅਸੈਂਬਲੀ ਦੀ ਬੈਠਕ ਸੋਮਵਾਰ, 11 ਅਪ੍ਰੈਲ ਨੂੰ ਸਵੇਰੇ 11 ਵਜੇ ਦੀ ਬਜਾਏ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਸਾਦਿਕ ਨੂੰ ਸੈਸ਼ਨ ਦੀ ਪ੍ਰਧਾਨਗੀ ਲਈ ਨਾਮਜ਼ਦ ਕੀਤਾ ਸੀ।