ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਲੀ ਜ਼ਮਾਨਤ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਨੂੰ ਘੇਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਬਹਿਬਲ ਕਲਾਂ ਗੋਲ਼ੀਕਾਂਡ ਅਤੇ ਬੇਅਦਬੀ ਦੇ ਮਾਮਲਿਆਂ ਵਿਚ ਆਪਣੀ ਨਾਪਾਕ ਭੂਮਿਕਾ ਦੇ ਬਾਵਜੂਦ ਸਰਕਾਰ ਨੇ ਸੁਮੇਧ ਸੈਣੀ ਦੇ ਕੇਸ ਨੂੰ ਹਾਈ ਕੋਰਟ ਵਿਚ ਨਰਮੀ ਨਾਲ ਪੇਸ਼ ਕੀਤਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੈਣੀ ਨੂੰ ਲੈ ਕੇ ਨਰਮ ਵਿਖਾਈ ਦੇ ਰਹੀ ਹੈ, ਜਿਸ ਵੱਲੋਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਸੁਣਵਾਈ ਦੌਰਾਨ ਕੋਰਟ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਮਾਮਲੇ ਵਿਚ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਨਹੀਂ ਹੈ।
ਹਾਈ ਕੋਰਟ ਨੇ ਸੈਣੀ ਦੀ ਅਪੀਲ ਸਵੀਕਾਰ ਕਰਦੇ ਹੋਏ ਉਨ੍ਹਾਂ ’ਤੇ ਮੋਹਾਲੀ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਐਕਟ ਤਹਿਤ ਦਰਜ ਮਾਮਲੇ 'ਚ ਜਾਂਚ ਵਿਜੀਲੈਂਸ ਤੋਂ ਲੈ ਕੇ ਨਵੀਂ ਗਠਿਤ ਐੱਸ. ਆਈ. ਟੀ. ਨੂੰ ਸੌਂਪ ਦਿੱਤੀ ਹੈ। ਨਵੀਂ ਐੱਸ. ਆਈ. ਟੀ. ਦੀ ਕਮਾਨ ਏ. ਡੀ. ਜੀ. ਪੀ. ਐੱਸ. ਐੱਸ. ਸ਼੍ਰੀਵਾਸਤਵ ਨੂੰ ਸੌਂਪੀ ਗਈ ਹੈ।