ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਰਾਸ਼ਟਰੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਮੁੰਬਈ ਇੰਡੀਅਨਜ਼ ਦੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਦੇ ਪ੍ਰਦਰਸ਼ਨ ਅਤੇ 2022 ਦੇ ਚੱਲ ਰਹੇ ਆਈ.ਪੀ.ਐੱਲ. ਸੀਜ਼ਨ 'ਚ ਉਨ੍ਹਾਂ ਵੱਲੋਂ ਲਗਾਤਾਰ ਦੌੜਾਂ ਬਣਾਉਣ ਤੋਂ ਬਹੁਤ ਪ੍ਰਭਾਵਿਤ ਹਨ।
ਸ਼ਾਸਤਰੀ ਨੇ ਕਿਹਾ, 'ਤਿਲਕ ਨੇ ਮੁੰਬਈ ਇੰਡੀਅਨਜ਼ ਲਈ ਖੇਡੀਆਂ ਦੋਵੇਂ ਪਾਰੀਆਂ 'ਚ ਕਾਫੀ ਸਮਰੱਥਾ ਦਿਖਾਈ ਹੈ। ਮੈਂ ਉਸ ਦੇ ਸ਼ਾਟਸ, ਫਰੰਟ ਫੁੱਟ, ਬੈਕ ਫੁੱਟ ਅਤੇ ਸਵੀਪ ਤੋਂ ਪ੍ਰਭਾਵਿਤ ਹਾਂ। ਉਸ ਦੇ ਸ਼ਾਟ ਸਿਲੈਕਸ਼ਨ 'ਚ ਕਾਫ਼ੀ ਭਿੰਨਤਾ ਹੈ। ਉਸ ਦਾ ਕੰਪੋਜਰ, ਬਾਡੀ ਲੈਂਗਵੇਜ ਅਤੇ ਮਿਜਾਜ਼ ਇਕ ਨੌਜਵਾਨ ਖਿਡਾਰੀ ਲਈ ਬਹੁਤ ਵਧੀਆ ਹੈ। ਉਸ ਨੇ ਬਹੁਤ ਆਤਮ ਵਿਸ਼ਵਾਸ ਨਾਲ ਬੱਲੇਬਾਜ਼ੀ ਕੀਤੀ ਹੈ। ਉਸ ਵਿੱਚ ਅੱਗੇ ਵਧਣ ਦੀ ਸਮਰੱਥਾ ਹੈ।'
ਸਾਬਕਾ ਕੋਚ ਨੇ ਕਿਹਾ, 'ਤਿਲਕ ਨੇ ਆਪਣੀ ਬੱਲੇਬਾਜ਼ੀ ਨਾਲ ਸਕਾਰਾਤਮਕ ਇਰਾਦਾ ਦਿਖਾਇਆ ਹੈ ਅਤੇ ਇਹ ਮੁੰਬਈ ਇੰਡੀਅਨਜ਼ ਲਈ ਚੰਗੇ ਸੰਕੇਤ ਹਨ। ਸੂਰਿਆਕੁਮਾਰ ਯਾਦਵ ਦੀ ਪਲੇਇੰਗ ਇਲੈਵਨ 'ਚ ਵਾਪਸੀ ਤੋਂ ਬਾਅਦ ਮੁੰਬਈ ਦਾ ਮੱਧਕ੍ਰਮ ਮਜ਼ਬੂਤ ਹੋਵੇਗਾ।'