ਨਿਊਜ਼ ਡੈਸਕ : ਵਿਧਾਨ ਸਭਾ ਵੱਲੋਂ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਫਿਲਮ ਵੇਖਣ ਦਾ ਸੱਦਾ ਦਿੱਤਾ ਗਿਆ ਹੈ। ਸ਼ਾਮ 5 ਤੋਂ 7 ਵਜੇ ਦੇ ਦਰਮਿਆਨ ਚੰਡੀਗੜ੍ਹ ਦੇ ਐਲਾਂਤੇ ਮਾਲ ਵਿਖੇ ਫਿਲਮ 'ਮਾਤਾ ਸਾਹਿਬ ਕੌਰ' ਵੇਖਣ ਲਈ ਸੱਦਾ ਦਿੱਤਾ ਗਿਆ ਹੈ। ਸੱਦਾ ਪੱਤਰ ਵਿਚ ਲਿਖਿਆ ਗਿਆ ਹੈ- 'ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਿਹਾਲ ਪ੍ਰੋਡਕਸ਼ਨ ਵੱਲੋਂ “Supreme Motherhood: The Journey of Mata Sahib Kaur” ਤੇ ਬਣਾਈ ਗਈ ਐਨੀਮੇਟਿਡ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਇਲਾਂਤੇ ਮਾਲ, ਚੰਡੀਗੜ੍ਹ ਵਿਖੇ ਮਿਤੀ 6 ਅਪ੍ਰੈਲ ਨੂੰ 5:00 ਤੋਂ 7:00 ਵਜੇ ਸ਼ਾਮ ਨੂੰ ਮੁਫ਼ਤ ਦਿਖਾਈ ਜਾ ਰਹੀ ਹੈ।
ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਵੱਲੋਂ ਆਪ ਸਭ ਨੂੰ ਫਿਲਮ ਦੀ ਰਿਲੀਜਿੰਗ ਸੇਰੇਮਨੀ ਤੋਂ ਪਹਿਲਾਂ ਇਹ ਫਿਲਮ ਦੇਖਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਇਸ ਮੰਤਵ ਲਈ ਸਾਰਾ ਪ੍ਰਬੰਧ ਫਿਲਮ ਦੀ ਪ੍ਰੋਡਕਸ਼ਨ ਟੀਮ ਅਤੇ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਆਪਸੀ ਤਾਲਮੇਲ ਨਾਲ ਕੀਤਾ ਜਾਵੇਗਾ। ਫਿਲਮ ਦਾ ਟ੍ਰੇਲਰ ਵੀ ਨਾਲ ਭੇਜਿਆ ਜਾਂਦਾ ਹੈ।'