ਨਿਊਜ਼ ਡੈਸਕ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਬੰਦ ਚਾਰ ਹਵਾਲਾਤੀਆਂ ਕੋਲੋਂ ਤਲਾਸ਼ੀ ਦੌਰਾਨ ਚਾਰ ਮੋਬਾਇਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਚਾਰ ਹਵਾਲਾਤੀਆਂ ਖਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 1774 ਤੇ ਪੱਤਰ ਨੰਬਰ 1778 ਰਾਹੀਂ ਹਰੀ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹ 4 ਅਪ੍ਰੈਲ 2022 ਨੂੰ ਸਮੇਤ ਸਾਥੀ ਕਰਮਚਾਰੀਆਂ ਦੇ ਬਲਾਕ ਨੰਬਰ 1 ਦੀ ਬੈਰਕ ਨੰਬਰ 3 ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਲ ਹਵਾਲਾਤੀ ਰੰਗਾ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਥੇਰਕੋਟ ਥਾਣਾ ਕੋਟਭਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕੋਲੋਂ 1 ਮੋਬਾਇਲ ਫੋਨ ਸਮੇਤ ਬੈਟਰੀ ਤੇ ਸਿੰਮ ਬਰਾਮਦ ਹੋਇਆ।
ਇਸੇ ਤਰ੍ਹਾਂ ਬੈਰਕ 'ਚ ਹਵਾਲਾਤੀ ਗੁਰਚਰਨ ਸਿੰਘ ਦੀ ਤਲਾਸ਼ੀ ਦੌਰਾਨ ਇਸ ਕੋਲੋਂ 1 ਮੋਬਾਇਲ ਫੋਨ ਸਮੇਤ ਬੈਟਰੀ ਤੇ ਸਿੰਮ ਬਰਾਮਦ ਹੋਇਆ। ਇਸੇ ਤਰ੍ਹਾਂ ਬੈਰਕ ਵਿਚ ਹਵਾਲਾਤੀ ਬਿਕਰਮ ਪੁੱਤਰ ਸਤੀਸ਼ ਵਾਸੀ ਪਿੰਡ ਜੰਡਵਾਲਾ ਥਾਣਾ ਅਰਨੀਵਾਲਾ ਜ਼ਿਲ੍ਹਾ ਫਾਜ਼ਿਲਕਾ ਕੋਲੋਂ 1 ਮੋਬਾਇਲ ਫੋਨ ਮਾਰਕਾ ਸੈਮਸੰਗ (ਕੀ-ਪੈਡ) ਰੰਗ ਨੀਲਾ ਸਮੇਤ ਬੈਟਰੀ ਤੇ ਸਿੰਮ ਮਾਰਕਾ ਵੀਆਈ ਬਰਾਮਦ ਹੋਇਆ। ਇਸ ਤੋਂ ਬਾਅਦ ਪੁਰਾਣੀ ਬੈਰਕ ਨੰਬਰ 10 ਵਿਚ ਸ਼ੱਕ ਪੈਣ ਤੇ ਤਲਾਸ਼ੀ ਦੌਰਾਨ ਹਵਾਲਾਤੀ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਅਜੀਤ ਨਗਰ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।