ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਸ਼ਹਿਰ ਦੇ ਨਾਮੀ ਗੈਂਗਸਟਰ ਸੁੱਖਾ ਬਾੜੇਵਾਲੀਆ ਨੇ ਆਪਣੇ 5 ਸਾਥੀਆਂ ਨਾਲ ਗੰਨ ਪੁਆਇੰਟ ’ਤੇ ਦੇਰ ਰਾਤ ਇਕ ਨੌਜਵਾਨ ਨੂੰ ਅਗਵਾ ਕਰ ਲਿਆ। ਜਾਣਕਾਰੀ ਅਨੁਸਾਰ ਇੰਦਰਾਪੁਰੀ ਦਾ ਰਹਿਣ ਵਾਲਾ ਚੰਦਨ ਫ੍ਰੀਲਾਂਸ ਇੰਸ਼ੋਰੈਂਸ ਏਜੰਟ ਹੈ, ਜਿਸ ’ਤੇ ਪਹਿਲਾਂ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਵੀ ਦਰਜ ਹੈ, ਜੋ ਕਿ ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਜਾਣਦਾ ਹੈ। ਚੰਦਨ ਨੇ ਪੁਲਿਸ ਸ਼ਿਕਾਇਤ ’ਚ ਦੱਸਿਆ ਕਿ ਉਹ ਰਾਤ ਨੂੰ ਆਪਣੇ ਘਰ ਜਾ ਰਿਹਾ ਸੀ।
ਸਰਾਭਾ ਨਗਰ ਇਲਾਕੇ ਵਿਚ 2 ਕਾਰਾਂ ਨੇ ਉਸ ਨੂੰ ਘੇਰ ਲਿਆ, ਜਿਸ ਵਿਚ ਇਕ ਕਾਰ ਦੇ ਅੰਦਰ ਸੁੱਖਾ ਸੀ ਅਤੇ ਬਾਕੀ ਉਸ ਦੇ 5 ਸਾਥੀ ਸਨ, ਜਿਨ੍ਹਾਂ ਨੇ ਗੰਨ ਪੁਆਇੰਟ ’ਤੇ ਉਸ ਨੂੰ ਜਬਰੀ ਕਾਰ ’ਚ ਬਿਠਾ ਲਿਆ। ਇਸ ਤੋਂ ਬਾਅਦ ਸੁੱਖਾ ਉਸ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਗਿਆ। ਉਸ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਉਸ ਨੇ ਕਾਰ ਦੇ ਅੰਦਰ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਕਾਰ ਬਾੜੇਵਾਲ ਇਲਾਕੇ ਵਿਚ ਲੈ ਗਏ।
ਇਸੇ ਤਰ੍ਹਾਂ ਕੁਝ ਸਮੇਂ ਤੱਕ ਮੁਲਜ਼ਮ ਉਸ ਨੂੰ ਕਾਰ ਵਿਚ ਹੀ ਘੁੰਮਾਉਂਦੇ ਰਹੇ। ਜਦੋਂ ਕਾਰ ਦੀ ਰਫਤਾਰ ਥੋੜ੍ਹੀ ਮੱਧਮ ਹੋਈ ਤਾਂ ਉਸ ਨੇ ਮੌਕਾ ਦੇਖ ਕੇ ਚਲਦੀ ਕਾਰ ’ਚੋਂ ਬਾਹਰ ਛਾਲ ਮਾਰ ਦਿੱਤੀ ਅਤੇ ਕੋਲ ਹੀ ਸਥਿਤ ਗਲੀ ਦੇ ਅੰਦਰ ਭੱਜ ਗਿਆ। ਏ. ਸੀ. ਪੀ. ਵੈਸਟ ਤਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਚੰਦਨ, ਮੁਲਜ਼ਮ ਸੁੱਖਾ ਨੂੰ ਪਹਿਲਾਂ ਤੋਂ ਜਾਣਦਾ ਸੀ। ਹਾਲ ਦੀ ਘੜੀ ਉਸ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।