ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਪੈਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਚੌਕੀ ਸ਼ੰਕਰ ਵਿਖੇ ਹਵਾਲਾਤ ’ਚ ਬੰਦ ਪਿੰਡ ਬਜੂਹਾ ਕਲਾ ਦੇ ਇਕ ਨੌਜਵਾਨ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨੌਜਵਾਨ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਪੁਲਿਸ ਹਿਰਾਸਤ ਵਿਚ ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਭੜਕੇ ਪਰਵਾਰਿਕ ਮੈਂਬਰ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ’ਚ ਚੌਕੀ ਪਹੁੰਚੇ। ਭੜਕੇ ਪਰਵਾਰਿਕ ਮੈਂਬਰ ਨੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮਾਹੌਲ ਤਣਾਅਪੂਰਨ ਹੋ ਗਿਆ।
ਐੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਅਤੇ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬਲਵਿੰਦਰ ਕੁਮਾਰ ਉਰਫ ਵਿੱਕੀ ਖਿਲਾਫ ਪਿੰਡ ਚਾਨੀਆਂ ਦੇ ਦਲਜੀਤ ਸਿੰਘ ਨੇ ਪੁਲਿਸ ਨੂੰ ਬੀਤੀ ਰਾਤ ਸ਼ਿਕਾਇਤ ਦਿੱਤੀ ਸੀ, ਜਿਸ ਤਹਿਤ ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ’ਚ ਲਿਆ ਸੀ ਪਰ ਨੌਜਵਾਨ ਨੇ ਹਵਾਲਾਤ ’ਚ ਫਾਹਾ ਲਾ ਲਿਆ, ਜਿਸ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਪੁਲਿਸ ਮੁਲਾਜ਼ਮ ਤੁਰੰਤ ਪਹਿਲਾਂ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ, ਇਥੇ ਉਸਦੀ ਮੌਤ ਹੋ ਗਈ। ਐੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਐੱਸ. ਐੱਸ. ਪੀ. ਜਲੰਧਰ ਦਿਹਾਤੀ ਦੇ ਨਿਰਦੇਸ਼ਾਂ ’ਤੇ ਮਾਮਲਾ ਦੀ ਜੂਡੀਸ਼ੀਅਲ ਜਾਂਚ ਕਰਵਾਈ ਜਾਵੇਗੀ।